ਸਿਡਨੀ – ਨਿਊ ਸਾਊਥ ਵੇਲਜ਼ ਵਿੱਚ 50 ਲੱਖ ਤੋਂ ਵੱਧ ਵੋਟਰਾਂ ਨੂੰ ਕੌਂਸਲ ਚੋਣਾਂ ਵਿੱਚ ਵੋਟਾਂ ਪਾਉਣ ਲਈ ਅਜੇ ਹੋਰ ਉਡੀਕ ਕਰਨੀ ਪਏਗੀ। ਦਰਅਸਲ ਕੋਰੋਨਾ ਦੇ ਵੱਧਦੇ ਮਾਮਲਿਆਂ ਕਾਰਨ ਸਥਾਨਕ ਸਰਕਾਰ ਨੇ ਦਸੰਬਰ ਤੱਕ ਚੋਣਾਂ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਹੈ। ਸਥਾਨਕ ਸਰਕਾਰ ਦੀ ਮੰਤਰੀ ਸ਼੍ਰੀਮਤੀ ਸ਼ੈਲੀ ਹੈਨਕਾਕ ਨੇ ਕਿਹਾ ਕਿ ਹੁਣ ਇਹ ਚੋਣਾਂ 4 ਸਤੰਬਰ ਦੀ ਬਜਾਏ 4 ਦਸੰਬਰ ਨੂੰ ਹੋਣਗੀਆਂ।ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਮਾਰੀ ਅਤੇ ਮੌਜੂਦਾ ਜਨਤਕ ਸਿਹਤ ਦੇ ਕਾਰਨ ਸਥਾਨਕ ਚੋਣਾਂ ਨੂੰ ਇਸ ਸਾਲ ਦੇ ਅੰਤ ਤੱਕ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਭਾਈਚਾਰਿਆਂ, ਵੋਟਰਾਂ, ਪੋਲਿੰਗ ਸਟਾਫ਼ ਅਤੇ ਉਮੀਦਵਾਰਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਚੋਣਾਂ ਨੂੰ ਮੁਲਤਵੀ ਕਰਨ ਲਈ ਇਹ ਕਦਮ ਚੁੱਕਿਆ ਹੈ। ਇਹ ਦੂਜੀ ਵਾਰ ਹੈ ਜਦੋਂ ਪਿਛਲੇ ਸਾਲ ਹੋਣ ਵਾਲੀਆਂ ਵੋਟਾਂ ਵਿਚ ਦੇਰੀ ਹੋਈ ਹੈ। ਉਨ੍ਹਾਂ ਕਿਹਾ ਕਿ ਨਿਊ ਸਾਊਥ ਵੇਲਜ਼ ਚੋਣ ਕਮਿਸ਼ਨ ਅਤੇ ਨਿਊ ਸਾਊਥ ਵੇਲਜ਼ ਹੈਲਥ ਨਾਲ ਵਿਆਪਕ ਚਰਚਾ ਤੋਂ ਬਾਅਦ ਇਹ ਫ਼ੈਸਲ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਵੋਟਰ ਦਸੰਬਰ ਵਿੱਚ ਡਾਕ ਰਾਹੀਂ ਜਾਂ ਆਨਲਾਈਨ ਵੋਟ ਪਾਉਣ ਦੇ ਯੋਗ ਹੋਣਗੇ।