ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਹਫ਼ਤਾ ਭਰ ਚੱਲੀ ਜਾਗਰੂਕਤਾ ਮੁਹਿੰਮ ਦੌਰਾਨ ਨੁੱਕੜ ਨਾਟਕ, ਖੂਨਦਾਨ ਕੈਂਪ, ਸਾਈਕਲ ਰੈਲੀਆਂ, ਮੈਰਾਥਨ, ਸੈਮੀਨਾਰ ਸਮੇਤ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਗਈਆਂ
ਚੰਡੀਗੜ – ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਸਖ਼ਤ ਸੁਨੇਹਾ ਦੇਣ ਲਈ ਪੰਜਾਬ ਪੁਲਿਸ ਨੇ ਅੱਜ ਨਸ਼ਾਖੋਰੀ ਅਤੇ ਗੈਰ ਕਾਨੂੰਨੀ ਤਸਕਰੀ ਵਿਰੋਧੀ ਕੌਮਾਂਤਰੀ ਦਿਵਸ ਮੌਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਸੂਬੇ ਭਰ ਦੇ ਸਾਰੇ ਜ਼ਿਲਿਆਂ ਵਿੱਚ ਵੱਖ ਵੱਖ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ।ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਪੰਜਾਬ ਦਿਨਕਰ ਗੁਪਤਾ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਚੱਲ ਰਹੀ ਲੜਾਈ ਦੇ ਹਿੱਸੇ ਵਜੋਂ ਜਿਥੇ ਸੂਬਾ ਪੁਲਿਸ ਨੇ ਨਸ਼ਿਆਂ ਦੀ ਸਪਲਾਈ ਲੜੀ ਨੂੰ ਤੋੜਨ ਲਈ ਸ਼ਾਨਦਾਰ ਸਫ਼ਲਤਾ ਹਾਸਲ ਕੀਤੀ ਹੈ, ਓਥੇ ਹੀ ਲੋਕਾਂ ਖ਼ਾਸਕਰ ਰਾਜ ਦੇ ਨੌਜਵਾਨਾਂ ਨੂੰ ਨਸ਼ਿਆਂ ਵਿੱਚ ਪੈਣ ਤੋਂ ਰੋਕਣ ਲਈ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਹਨ।ਉਨਾਂ ਕਿਹਾ ਕਿ ਨਸ਼ਾਖੋਰੀ ਅਤੇ ਗੈਰ ਕਾਨੂੰਨੀ ਤਸਕਰੀ ਵਿਰੋਧੀ ਕੌਮਾਂਤਰੀ ਦਿਵਸ ਮਨਾਉਣ ਲਈ ਪੰਜਾਬ ਪੁਲਿਸ ਨੇ 19 ਜੂਨ ਤੋਂ 26 ਜੂਨ ਤੱਕ ਸਾਰੇ ਜ਼ਿਲਿਆਂ ਵਿੱਚ ਹਫ਼ਤੇ ਭਰ ਦੀ ਜਾਗਰੂਕਤਾ ਮੁਹਿੰਮ ਚਲਾਈ ਸੀ, ਜਿਸ ਤਹਿਤ ਸੀ.ਪੀਜ਼ /ਐਸ.ਐਸ.ਪੀਜ਼ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਆਪਣੇ ਸਬੰਧਤ ਜ਼ਿਲਿਆਂ ਵਿੱਚ ਨੁੱਕੜ ਨਾਟਕ , ਖੂਨਦਾਨ ਕੈਂਪ, ਸਾਈਕਲ ਰੈਲੀਆਂ, ਮੈਰਾਥਨ ਅਤੇ ਸੈਮੀਨਾਰ ਆਦਿ ਸਮੇਤ ਵੱਖ ਵੱਖ ਗਤੀਵਿਧੀਆਂ ਕਰਵਾਈਆਂ।ਡੀ.ਜੀ.ਪੀ. ਨੇ ਨਸ਼ਿਆਂ ਵਿਰੁੱਧ ਲੜਾਈ ਵਿੱਚ ਪੰਜਾਬ ਪੁਲਿਸ ਦੇ ਯਤਨਾਂ ਦੀ ਸ਼ਲਾਘਾ ਕਰਨ ਅਤੇ ਅੰਮਿ੍ਰਤਸਰ ਵਿਖੇ ਬਰਾਮਦ ਕੀਤੇ ਗਏ ਨਸ਼ਿਆਂ ਨੂੰ ਨਸ਼ਟ ਕਰਨ ਦੀ ਕਾਰਵਾਈ ਦੀ ਡਿਜੀਟਲ ਤੌਰ ’ਤੇ ਸ਼ੁਰੂਆਤ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਵੀ ਕੀਤਾ।ਡੀ.ਜੀ.ਪੀ. ਦਿਨਕਰ ਗੁਪਤਾ ਨੇ “ਨਸ਼ਿਆਂ ਨੂੰ ਕਹੋ ਨਾਂਹ” ਦਾ ਸੁਨੇਹਾ ਦਿੰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰਾਂ ਦੇ ਨਸ਼ੇ ਤੋਂ ਦੂਰ ਰਹਿਣ ਕਿਉਂਕਿ ਨਸ਼ਿਆਂ ਦੇ ਆਦੀ ਹੋਣ ਨਾਲ ਉਨਾਂ ਦੀ ਜਾਨ ਵੀ ਜਾ ਸਕਦੀ ਹੈ। ਉਨਾਂ ਰਾਜ ਦੇ ਲੋਕਾਂ ਨੂੰ ਕਿਸੇ ਵੀ ਤਰਾਂ ਦੀ ਨਸ਼ਾ ਤਸਕਰੀ ਦਾ ਪਤਾ ਲੱਗਣ ’ਤੇ ਪੰਜਾਬ ਪੁਲਿਸ ਦੇ ਹੈਲਪਲਾਈਨ ਨੰਬਰ 181 ’ਤੇ ਜਾਣਕਾਰੀ ਸਾਂਝੀ ਕਰਕੇ ਨਸ਼ਿਆਂ ਖਿਲਾਫ ਲੜਾਈ ਵਿੱਚ ਪੰਜਾਬ ਪੁਲਿਸ ਦੀ ਮਦਦ ਕਰਨ ਲਈ ਵੀ ਪ੍ਰੇਰਿਤ ਕੀਤਾ।ਉਨਾਂ ਦੱਸਿਆ ਕਿ ਐਸ.ਟੀ.ਐਫ. ਸਮੇਤ ਪੰਜਾਬ ਪੁਲਿਸ ਨੇ ਪਿਛਲੇ 4 ਸਾਲਾਂ ਦੌਰਾਨ 2100 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ। ਉਨਾਂ ਕਿਹਾ ਕਿ ਐਨ.ਡੀ.ਪੀ.ਐਸ. ਐਕਟ ਅਧੀਨ ਦਰਜ ਕੇਸਾਂ ਦੀ ਗਿਣਤੀ ਅਤੇ ਐਨ.ਡੀ.ਪੀ.ਐਸ. ਤਹਿਤ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਦੀ ਗਿ੍ਰਫਤਾਰੀ ਸਬੰਧੀ ਕੌਮੀ ਪੱਧਰ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਚਲਦਾ ਹੈ ਕਿ ਦੇਸ਼ ਭਰ ’ਚੋਂ ਇਕੱਲੇ ਪੰਜਾਬ ਵਿੱਚ ਹੀ ਐਨ.ਡੀ.ਪੀ.ਐਸ. ਦੇ 17 ਫੀਸਦੀ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਅਤੇ ਇਸ ਐਕਟ ਤਹਿਤ ਦੋਸ਼ੀਆਂ ਨੂੰ ਗਿ੍ਰਫ਼ਤਾਰ ਕੀਤਾ ਗਿਆ।ਜ਼ਿਲਿਆਂ ਵਿੱਚ ਕਰਵਾਈਆਂ ਗਈਆਂ ਵੱਖ-ਵੱਖ ਗਤੀਵਿਧੀਆਂ ਦੇ ਵੇਰਵੇ ਦਿੰਦਿਆਂ ਪੁਲਿਸ ਵਿਭਾਗ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਫਤਿਹਗੜ ਸਾਹਿਬ ਵਿੱਚ ਇੱਕ ਨਸ਼ਾ ਵਿਰੋਧੀ ਰੈਲੀ ਅਤੇ ਇੱਕ ਮਿੰਨੀ ਮੈਰਾਥਨ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ’ਚ ਪੁਲਿਸ ਕਰਮਚਾਰੀਆਂ ਅਤੇ ਸਥਾਨਕ ਨੌਜਵਾਨਾਂ ਨੇ ਹਿੱਸਾ ਲੈ ਕੇ ਨਸ਼ਿਆਂ ਵਿਰੁੱਧ ਜੰਗ ਵਿੱਚ ਆਪਣੀ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ। ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਨਸ਼ਿਆਂ ਖਿਲਾਫ ਜਾਗਰੂਕਤਾ ਪ੍ਰੋਗਰਾਮ, ਸੈਮੀਨਾਰ, ਵੈਬਿਨਾਰ, ਸਾਈਕਲ ਰੈਲੀਆਂ, ਨੁੱਕੜ ਨਾਟਕ ਕਰਵਾ ਕੇ ਨਸ਼ਿਆਂ ਵਿਰੁੱਧ ਬਹੁਪੱਖੀ ਪਹੁੰਚ ਅਪਣਾਈ ਅਤੇ ਨਸ਼ਿਆਂ ਲਈ ਦੋਸ਼ੀ ਪਾਏ ਗਏ ਵਿਅਕਤੀਆਂ, ਘੋਸ਼ਿਤ ਅਪਰਾਧੀਆਂ, ਪੈਰੋਲ ਅਤੇ ਜ਼ਮਾਨਤ ’ਤੇ ਗਏ ਵਿਅਕਤੀਆਂ ਖਿਲਾਫ਼ ਛਾਪੇਮਾਰੀ ਵੀ ਕੀਤੀ ਗਈ।ਪੁਲਿਸ ਕਮਿਸ਼ਨਰ ਅੰਮਿ੍ਰਤਸਰ ਵੱਲੋਂ ਇੱਕ ਰੋਡ ਸ਼ੋਅ, ਰੂਪਨਗਰ ਪੁਲਿਸ ਵੱਲੋਂ ਇੱਕ ਸਾਈਕਲ ਰੈਲੀ ਅਤੇ ਕਿ੍ਰਕਟ ਮੈਚ, ਪਠਾਨਕੋਟ ਵਿੱਚ ਨੁੱਕੜ ਨਾਟਕ ਅਤੇ ਬਟਾਲਾ ਵਿੱਚ ਮਿੰਨੀ ਮੈਰਾਥਨ ਅਤੇ ਖੂਨਦਾਨ ਕੈਂਪ ਲਗਾਇਆ ਗਿਆ।ਇਸੇ ਤਰਾਂ ਅੰਮਿ੍ਰਤਸਰ ਦਿਹਾਤੀ ਵਿਚ ਰੋਡ ਸ਼ੋਅ ਅਤੇ ਲੋਕ ਜਾਗਰੂਕਤਾ ਮੀਟਿੰਗਾਂ, ਤਰਨ ਤਾਰਨ ਵਿੱਚ ਨੁੱਕੜ ਨਾਟਕ ਅਤੇ ਖੂਨ ਦਾਨ ਕੈਂਪ ਅਤੇ ਹੁਸ਼ਿਆਰਪੁਰ ਵਿਚ ਸਾਈਕਲ ਰੈਲੀ ਅਤੇ ਮੈਰਾਥਨ ਦਾ ਆਯੋਜਨ ਕੀਤਾ ਗਿਆ। ਇਸ ਤੋਂ ਇਲਾਵਾ ਜਲੰਧਰ ਕਮਿਸ਼ਨਰੇਟ, ਸ੍ਰੀ ਮੁਕਤਸਰ ਸਾਹਿਬ, ਮਾਨਸਾ, ਜਲੰਧਰ ਦਿਹਾਤੀ, ਮੋਗਾ, ਪਟਿਆਲਾ, ਸੰਗਰੂਰ, ਐਸ.ਬੀ.ਐਸ. ਨਗਰ, ਐਸ.ਏ.ਐਸ.ਨਗਰ ਅਤੇ ਬਰਨਾਲਾ ਸਮੇਤ ਵੱਖ ਵੱਖ ਜ਼ਿਲਿਆ ਵਿੱਚ ਸਾਈਕਲ ਰੈਲੀਆਂ ਅਤੇ ਜਾਗਰੂਕਤਾ ਸੈਮੀਨਾਰ ਵੀ ਕਰਵਾਏ ਗਏ।ਕਪੂਰਥਲਾ ਪੁਲਿਸ ਨੇ ਦੋ ਅਤਿ ਲੋੜੀਂਦੇ ਘੋਸ਼ਿਤ ਅਪਰਾਧੀਆਂ ਅਤੇ ਨਸ਼ਾ ਤਸਕਰਾਂ, ਜਿਨਾਂ ਦੀ ਵਿਸ਼ੇਸ਼ ਟਾਸਕ ਫੋਰਸ ਨੂੰ ਭਾਲ ਸੀ, ਦੀ ਗਿ੍ਰਫਤਾਰੀ ਨਾਲ ਵੱਡੀ ਸਫਲਤਾ ਹਾਸਲ ਕੀਤੀ।ਜ਼ਿਕਰਯੋਗ ਹੈ ਕਿ ਹਫ਼ਤਾ ਭਰ ਚੱਲੀ ਇਸ ਮੁਹਿੰਮ ਤਹਿਤ ਸਾਰੇ ਜ਼ਿਲਿਆਂ ਦੇ ਸੀ.ਪੀਜ਼ / ਐਸਐਸਪੀਜ਼ ਨੇ ਨਾਕਾਬੰਦੀ ਅਤੇ ਸਰਚ ਆਪ੍ਰੇਸ਼ਨ ਵੀ ਚਲਾਏ ਅਤੇ ਕਈ ਨਸ਼ਾ ਤਸਕਰਾਂ ਨੂੰ ਗਿ੍ਰਫਤਾਰ ਕਰਕੇ ਉਨਾਂ ਦੇ ਕਬਜ਼ੇ ’ਚੋਂ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ।