ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰਾਂ ਅਤੇ ਨਿਗਰਾਨਾਂ ਨਾਲ ਇਕੱਤਰਤਾ ਕਰਕੇ ਪ੍ਰਬੰਧਾਂ ਦੀ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਨੂੰ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਦੇ ਨਿਰਦੇਸ਼ ਦਿੱਤੇ। ਬੀਬੀ ਜਗੀਰ ਕੌਰ ਨੇ ਆਖਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੁੱਚੀ ਮਾਨਵਤਾ ਦੇ ਅਧਿਆਤਮਿਕ ਕੇਂਦਰ ਹਨ ਅਤੇ ਇਥੇ ਦੇਸ਼ ਦੁਨੀਆਂ ਤੋਂ ਸ਼ਰਧਾਲੂ ਦਰਸ਼ਨ ਦੀਦਾਰ ਕਰਨ ਲਈ ਆਉਂਦੇ ਹਨ। ਹਰ ਸ਼ਰਧਾਲੂ ਇਥੋਂ ਚੰਗਾ ਪ੍ਰਭਾਵ ਲੈ ਕੇ ਜਾਵੇ, ਇਸ ਲਈ ਮੈਨੇਜਰ ਅਤੇ ਹੋਰ ਜ਼ੁੰਮੇਵਾਰੀ ਅਧਿਕਾਰੀ ਪ੍ਰਬੰਧਾਂ ਨੂੰ ਚੁਸਤ ਦਰੁੱਸਤ ਬਣਾਈ ਰੱਖਣ ਲਈ ਆਪਣੀ ਜ਼ੁੰਮੇਵਾਰੀ ਨਿਭਾਉਣ। ਬੀਬੀ ਜਗੀਰ ਕੌਰ ਨੇ ਇਕੱਤਰਤਾ ਦੌਰਾਨ ਅਧਿਕਾਰੀਆਂ ਨੂੰ ਕਿਹਾ ਕਿ ਕੋਰੋਨਾ ਮਹਾਮਾਰੀ ਦਾ ਪ੍ਰਭਾਵ ਘਟਣ ਤੋਂ ਬਾਅਦ ਸੰਗਤ ਦੀ ਆਮਦ ਵੱਧ ਰਹੀ ਹੈ, ਜਿਸ ਦੇ ਮੱਦੇਨਜ਼ਰ ਸੰਗਤ ਲਈ ਪ੍ਰਬੰਧਾਂ ਵਿਚ ਢਿੱਲ ਨਹੀਂ ਰਹਿਣੀ ਚਾਹੀਦੀ। ਉਨ੍ਹਾਂ ਪ੍ਰੇਰਣਾ ਕਰਦਿਆਂ ਕਿਹਾ ਕਿ ਗੁਰਦੁਆਰਾ ਸਾਹਿਬਾਨ ਅੰਦਰ ਡਿਊਟੀ ਹੋਰਨਾਂ ਅਦਾਰਿਆਂ ਨਾਲੋਂ ਵੱਧ ਜ਼ੁੰਮੇਵਾਰੀ ਵਾਲੀ ਹੈ, ਜਿਸ ਲਈ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਦਾ ਆਚਾਰ ਵਿਹਾਰ ਸਹੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਰ ਜ਼ੁੰਮੇਵਾਰੀ ਅਧਿਕਾਰੀ ਆਪਣੀ ਡਿਊਟੀ ਪ੍ਰਤੀ ਜਵਾਬਦੇਹ ਅਤੇ ਪ੍ਰਬੰਧਕੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਦੌਰਾਨ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਜ਼ੁੰਮੇਵਾਰ ਅਧਿਕਾਰੀ ਹੁੰਦਿਆਂ ਸਭ ਦਾ ਫ਼ਰਜ਼ ਹੈ ਕਿ ਸੰਸਥਾ ਦੀ ਬਿਹਤਰੀ ਲਈ ਵਚਨਬੱਧ ਰਹੀਏ। ਇਸ ਮੌਕੇ ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਮੈਨੇਜਰ ਸ. ਗੁਰਿੰਦਰ ਸਿੰਘ ਮਥਰੇਵਾਲ ਅਤੇ ਹੋਰ ਅਧਿਕਾਰੀਆਂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਇਕੱਤਰਤਾ ’ਚ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਮੈਨੇਜਰ ਸ. ਗੁਰਿੰਦਰ ਸਿੰਘ ਮਥਰੇਵਾਲ, ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਮੈਨੇਜਰ ਸ. ਸਤਨਾਮ ਸਿੰਘ, ਸ. ਸੁਖਰਾਜ ਸਿੰਘ, ਸ. ਬਘੇਲ ਸਿੰਘ, ਸ. ਨਰਿੰਦਰ ਸਿੰਘ, ਸ. ਹਰਪ੍ਰੀਤ ਸਿੰਘ, ਵਧੀਕ ਮੈਨੇਜਰ ਸ. ਜਗਤਾਰ ਸਿੰਘ, ਸ. ਨਿਸ਼ਾਨ ਸਿੰਘ, ਸ. ਗੁਰਾ ਸਿੰਘ, ਸ. ਬਲਦੇਵ ਸਿੰਘ, ਸ. ਦਰਸ਼ਨ ਸਿੰਘ, ਸ. ਜਸਪਾਲ ਸਿੰਘ ਢੱਡੇ, ਸ. ਗੁਰਪ੍ਰੀਤ ਸਿੰਘ ਅਤੇ ਹੋਰ ਮੌਜੂਦ ਸਨ।