ਫਰਿਜ਼ਨੋ – ਅਮਰੀਕਾ ਕੋਰੋਨਾ ਵਾਇਰਸ ਮਹਾਂਮਾਰੀ ਦੀ ਲਾਗ ਦੇ ਮਾਮਲਿਆਂ ਵਿੱਚ ਕਮੀ ਅਤੇ ਟੀਕਾਕਰਨ ਤੋਂ ਬਾਅਦ ਲਾਕਡਾਉਨ ਨਿਯਮਾਂ ਵਿੱਚ ਮਿਲੀ ਢਿੱਲ ਕਾਰਨ ਸੈਂਕੜੇ ਲੋਕ ਰੋਜਾਨਾ ਹਵਾਈ ਯਾਤਰਾ ਕਰਦੇ ਹਨ। ਹਵਾਈ ਯਾਤਰਾ ਵਿੱਚ ਮੁਸਾਫਿਰਾਂ ਦੇ ਹੋਏ ਵਾਧੇ ਕਾਰਨ ਟ੍ਰਾਂਸਪੋਰਟੇਸ਼ਨ ਸਕਿਓਰੀਟੀ ਐਡਮਨਿਸਟ੍ਰੇਸ਼ਨ (ਟੀ ਐਸ ਏ) ਨੇ ਕਿਹਾ ਹੈ ਕਿ ਦੇਸ਼ ਦੇ 131 ਹਵਾਈ ਅੱਡਿਆਂ ਨੂੰ ਇਸ ਮਹੀਨੇ ਸਟਾਫ ਦੀ ਘਾਟ ਦਾ ਸਾਹਮਣਾ ਕਰਨਾ ਪਵੇਗਾ। ਟੀ ਐਸ ਏ ਅਧਿਕਾਰੀ ਹੁਣ ਕਰਮਚਾਰੀਆਂ ਨੂੰ 45 ਦਿਨਾਂ ਤੱਕ ਹਵਾਈ ਅੱਡਿਆਂ ‘ਤੇ ਵਲੰਟੀਅਰ ਕੰਮ ਲਈ ਵੀ ਕਹਿ ਰਹੇ ਹਨ। ਇਹ ਵਲੰਟੀਅਰ ਗੈਰ-ਸਕ੍ਰੀਨਿੰਗ ਫੰਕਸ਼ਨਾਂ ਨੂੰ ਸੰਭਾਲਣਗੇ। ਹਵਾਈ ਅੱਡਿਆਂ ‘ਤੇ ਯਾਤਰੀਆਂ ਨੂੰ ਜਿਆਦਾ ਭੀੜ ਹੋਣ ਕਾਰਨ ਲੰਬੀਆਂ ਲਾਈਨਾਂ ਅਤੇ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਟੀ ਐਸ ਏ ਚੈੱਕ ਪੁਆਇੰਟਜ਼ ‘ਤੇ ਯਾਤਰੀਆਂ ਦੀ ਗਿਣਤੀ ਵਿੱਚ ਵਾਧਾ ਵੇਖ ਰਿਹਾ ਹੈ, ਜਿਸ ਤਹਿਤ ਏਜੰਸੀ ਨੇ ਐਤਵਾਰ ਨੂੰ 1.98 ਮਿਲੀਅਨ ਲੋਕਾਂ ਦੀ ਸਕ੍ਰੀਨਿੰਗ ਕੀਤੀ, ਜੋ ਕਿ ਮਹਾਂਮਾਰੀ ਦੌਰਾਨ ਹਵਾਈ ਯਾਤਰਾ ਦਾ ਰਿਕਾਰਡ ਹੈ। ਇਸਦੇ ਇਲਾਵਾ ਟੀ ਐਸ ਏ ਅਨੁਸਾਰ ਗਰਮੀਆਂ ਦੀ ਯਾਤਰਾ ਨੂੰ ਸੌਖਾ ਬਨਾਉਣ ਲਈ 6,000 ਨਵੇਂ ਅਫਸਰਾਂ ਦੀ ਨਿਯੁਕਤੀ ਦੀ ਉਮੀਦ ਹੈ ਅਤੇ ਸਟਾਫ ਦੀ ਘਾਟ ਨੂੰ ਪੂਰਾ ਕਰਨ ਲਈ ਇਸ ਨੇ ਹੁਣ ਤੱਕ 3,100 ਅਧਿਕਾਰੀ ਰੱਖੇ ਵੀ ਹਨ। ਅਮਰੀਕਾ ਦੀਆਂ ਏਅਰਲਾਈਨਜ਼ ਵੀ ਸਟਾਫ ਦੀ ਕਮੀ ਦਾ ਸਾਹਮਣਾ ਕਰ ਰਹੀਆਂ ਹਨ ਕਿਉਂਕਿ ਹਵਾਈ ਯਾਤਰਾ ਦੀ ਮੰਗ ਕਾਫ਼ੀ ਤੇਜ਼ੀ ਨਾਲ ਵਧ ਗਈ ਹੈ। ਮਾਰਚ 2020 ਵਿੱਚ ਹਵਾਈ ਯਾਤਰਾ ਰੁਕਣ ਕਾਰਨ, ਹਜ਼ਾਰਾਂ ਕਰਮਚਾਰੀਆਂ ਨੂੰ ਜਲਦੀ ਰਿਟਾਇਰਮੈਂਟ ਆਦਿ ਦੀ ਪੇਸ਼ਕਸ਼ ਕੀਤੀ ਗਈ ਸੀ। ਪਰ ਹੁਣ ਏਅਰਲਾਇਨਜ਼ ਦੁਬਾਰਾ ਅਸਾਮੀਆਂ ਨੂੰ ਭਰਨ ਲਈ ਬੇਚੈਨ ਹਨ।