ਰੋਮ – ਪੂਰੀ ਦੁਨੀਆ ਵਿੱਚ ਕੋਵਿਡ-19 ਮਹਾਮਾਰੀ ਦਾ ਕਹਿਰ ਜਾਰੀ ਹੈ। ਇਸ ਮਹਾਮਾਰੀ ਦੇ ਕਾਰਨ ਪੂਰੀ ਦੁਨੀਆ ਵਿੱਚ ਬਹੁਤ ਜਿਆਦਾ ਜਾਨੀ ਅਤੇ ਮਾਲੀ ਨੁਕਸਾਨ ਹੋ ਚੁੱਕਾ ਹੈ। ਇਸ ਦੌਰਾਨ ਇਟਲੀ ਨੇ ਬਹੁਤ ਹੀ ਜੱਦੋ-ਜਹਿਦ ਦੇ ਮਗਰੋਂ ਹੁਣ ਕਾਫ਼ੀ ਹੱਦ ਤੱਕ ਇਸ ਬਿਮਾਰੀ ਤੇ ਕਾਬੂ ਪਾਉਣ ਵਿਚ ਸਫ਼ਲਤਾ ਹਾਸਲ ਕਰ ਲਈ ਹੈ। ਇਟਲੀ ਵਿੱਚ ਇਸ ਮਹਾਮਾਰੀ ਨੂੰ ਰੋਕਣ ਲਈ ਪੂਰੇ ਜ਼ੋਰਾਂ ਸ਼ੋਰਾਂ ਨਾਲ ਟੀਕਾਕਰਨ ਕੀਤਾ ਜਾ ਰਿਹਾ ਹੈ। ਪਹਿਲਾਂ ਸਿਰਫ਼ ਬਾਲਗਾਂ ਨੂੰ ਹੀ ਟੀਕਾ ਲੱਗ ਰਿਹਾ ਸੀ ਪਰ ਹੁਣ ਇਸੇ ਲੜੀ ਤਹਿਤ ਇਟਲੀ ਦੇ ਡਰੱਗ ਰੈਗੂਲੇਟਰ (ਏ.ਆਈ.ਐੱਫ.ਏ.) ਨੇ 12 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਲਈ ਫਾਈਜ਼ਰ-ਬਾਇਓਐਨਟੈਕ ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਹੈ।ਇਟਲੀ ਵਿੱਚ ਕੋਵਿਡ 19 ‘ਤੇ ਕਾਬੂ ਪਾਉਣ ਲਈ ਨਾਬਾਲਗਾਂ ਦੇ ਵੈਕਸੀਨੇਸ਼ਨ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ।ਯੂਰਪੀਅਨ ਮੈਡੀਸਨਜ਼ ਏਜੰਸੀ (ਈ.ਐੱਮ.ਏ.) ਵੱਲੋਂ ਕੋਵਿਡ-19 ਟੀਕੇ ਨੂੰ 12-15 ਉਮਰ ਸਮੂਹ ਲਈ ਇਸਤੇਮਾਲ ਕਰਨ ਦੀ ਆਪਣੀ ਪ੍ਰਵਾਨਗੀ ਦੇ ਕਈ ਦਿਨਾਂ ਬਾਅਦ ਇਟਲੀ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ। 12-15 ਉਮਰ ਵਰਗ ਵਿੱਚ ਇਸ ਟੀਕੇ ਨੂੰ 2 ਖ਼ੁਰਾਕਾਂ ਦੇ ਰੂਪ ਵਿਚ ਦਿੱਤਾ ਜਾਵੇਗਾ ਅਤੇ ਇਸ ਵਿਚਕਾਰ ਘੱਟੋ-ਘੱਟ 3 ਹਫ਼ਤਿਆਂ ਦੇ ਵਕਫੇ ਦੀ ਜ਼ਰੂਰਤ ਹੋਏਗੀ।