ਕੈਲੀਫੋਰਨੀਆ – ਟੈਕਸਾਸ ਪੁਲਿਸ ਨੇ ਇੱਕ ਵਿਅਕਤੀ ਨੂੰ ਗੋਲੀਬਾਰੀ ਦੀ ਵੱਡੀ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਪੁਲਿਸ ਦੁਆਰਾ ਇਸ ਵਿਅਕਤੀ ਨੂੰ ਇੱਕ ਮੈਸੇਜ ਦੁਆਰਾ ਵਾਲਮਾਰਟ ਸਟੋਰ ‘ਤੇ ਗੋਲੀਬਾਰੀ ਕਰਨ ਦੇ ਯੋਜਨਾ ਦਾ ਸੰਕੇਤ ਮਿਲਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸੰਬੰਧੀ ਕੇਰ ਕਾਉਂਟੀ ਪੁਲਿਸ ਨੇ ਦੱਸਿਆ ਕਿ ਕੇਰਵਿਲ ਦੇ ਰਹਿਣ ਵਾਲੇ ਕੋਲਮੈਨ ਥਾਮਸ ਬਲੇਵਿਨਜ਼ (28) ਨਾਮ ਦੇ ਵਿਅਕਤੀ ਨੂੰ ਕੇ ਸੀ ਐਸ ਓ ਸਪੈਸ਼ਲ ਆਪ੍ਰੇਸ਼ਨ ਡਵੀਜ਼ਨ ਨੇ ਸ਼ੁੱਕਰਵਾਰ, 28 ਮਈ ਨੂੰ ਜਨਤਕ ਡਰ ਪੈਦਾ ਕਰਨ ਦੇ ਅੱਤਵਾਦੀ ਧਮਕੀ ਦੇ ਵਾਰੰਟ ਨਾਲ ਜੰਕ ਹਾਈਵੇ ਦੇ 1000 ਬਲਾਕ ਵਿੱਚ ਗ੍ਰਿਫਤਾਰ ਕੀਤਾ।ਇਸਦੀ ਗ੍ਰਿਫਤਾਰੀ ਵਿੱਚ ਡੀ ਪੀ ਐਸ-ਸੀ ਆਈ ਡੀ, ਐਫ ਬੀ ਆਈ, ਕੇਰਵਿਲ ਪੀ ਡੀ ਪੈਟਰੋਲ ਡਿਵੀਜ਼ਨ ਅਤੇ ਯੂ ਐਸ ਸੀਕ੍ਰੇਟ ਸਰਵਿਸ ਵੀ ਸ਼ਾਮਲ ਸਨ। ਇਸ ਮਾਮਲੇ ਦੀ ਜਾਂਚ ਦੌਰਾਨ, ਕੇ ਸੀ ਐਸ ਓ ਨੇ ਬਲੇਵਿਨਜ਼ ਨਾਲ ਗੱਲਬਾਤ ਕੀਤੀ ਅਤੇ ਅੱਤਵਾਦੀ ਵਿਚਾਰਧਾਰਾਵਾਂ ਨਾਲ ਉਸਦੇ ਜੁੜੇ ਹੋਣ ਅਤੇ ਨੈਟਵਰਕਿੰਗ ਦੀ ਪੁਸ਼ਟੀ ਕੀਤੀ। ਉਸਦੀ ਗ੍ਰਿਫਤਾਰੀ ਤੋਂ ਬਾਅਦ, ਪੁਲਿਸ ਨੇ ਬਲੇਵਿਨਜ਼ ਦੇ ਘਰ ਦੀ ਤਲਾਸ਼ੀ ਲਈ ਜਿੱਥੇ ਉਨ੍ਹਾਂ ਨੂੰ ਬੰਦੂਕਾਂ, ਗੋਲਾ ਬਾਰੂਦ, ਇਲੈਕਟ੍ਰਾਨਿਕ ਵਸਤਾਂ, ਅਤੇ ਕੱਟੜਪੰਥੀ ਵਿਚਾਰਧਾਰਾ ਵਾਲੇ ਪਦਾਰਥ ਵੀ ਮਿਲੇ, ਜਿਨ੍ਹਾਂ ਵਿੱਚ ਕਿਤਾਬਾਂ, ਝੰਡੇ, ਹੱਥ ਲਿਖਤਾਂ ਆਦਿ ਵੀ ਸ਼ਾਮਲ ਸਨ। ਬਲੇਵਿਨਜ਼ ਨੂੰ 250,000 ਡਾਲਰ ਦੇ ਬਾਂਡ ਉੱਤੇ ਐਤਵਾਰ ਤੱਕ ਕੇਰ ਕਾਉਂਟੀ ਜੇਲ੍ਹ ਵਿੱਚ ਰੱਖਿਆ ਗਿਆ ਸੀ। ਇਸ ਦੌਰਾਨ ਉਹ ਇਸ ਮਾਮਲੇ ਵਿੱਚ ਜਾਂਚ ਅਧੀਨ ਹੈ ਅਤੇ ਉਸਨੂੰ ਹਥਿਆਰ ਰੱਖਣ ਤੋਂ ਵਰਜਿਆ ਗਿਆ ਹੈ।