ਨਵੀਂ ਦਿੱਲੀ – ਭਾਰਤੀ ਬੈਂਕਾਂ ਨੂੰ ਤਕਰੀਬਨ 15 ਹਜ਼ਾਰ ਕਰੋੜ ਰੁਪਏ ਦਾ ਚੂਨਾ ਲਗਾਉਣ ਤੋਂ ਬਾਅਦ ਫਰਾਰ ਹੀਰਾ ਵਪਾਰੀ ਮੇਹੁਲ ਚੋਕਸੀ ਨੂੰ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਨੂੰ ਝਟਕਾ ਲੱਗਾ ਹੈ। ਮੇਹੁਲ ਚੋਕਸੀ ਐਂਟੀਗੁਆ ਤੋਂ ਗਾਇਬ ਹੋਣ ਤੋਂ ਬਾਅਦ ਡੋਮਿਨਿਕਾ ਗਿਆ ਸੀ ਅਤੇ ਉਥੇ ਫੜਿਆ ਗਿਆ ਸੀ। ਡੋਮਿਨਿਕਾ ਸਰਕਾਰ ਨੇ ਪਹਿਲਾਂ ਕਿਹਾ ਸੀ ਕਿ ਉਹ ਮੇਹੁਲ ਚੋਕਸੀ ਨੂੰ ਭਾਰਤ ਪਹੁੰਚਾਏਗੀ, ਪਰ ਇਹ ਕੈਰੇਬੀਅਨ ਦੇਸ਼ ਹੁਣ ਆਪਣੀ ਗੱਲ ਤੋਂ ਮੁਕਰ ਗਿਆ ਹੈ। ਡੋਮਿਨਿਕਾ ਸਰਕਾਰ ਦਾ ਕਹਿਣਾ ਹੈ ਕਿ ਉਹ ਮੇਹੁਲ ਚੋਕਸੀ ਨੂੰ ਵਾਪਸ ਐਂਟੀਗੁਆ ਭੇਜ ਦੇਵੇਗੀ। ਜ਼ਿਕਰਯੋਗ ਹੈ ਕਿ ਜਿਵੇਂ ਹੀ ਉਸ ਦੀ ਗ੍ਰਿਫਤਾਰੀ ਦੀ ਸੂਚਨਾ ਮਿਲੀ, ਭਾਰਤੀ ਅਧਿਕਾਰੀਆਂ ਨੇ ਐਂਟੀਗੁਆ ਅਤੇ ਡੋਮਿਨਿਕਾ ਤੱਕ ਪਹੁੰਚ ਕੀਤੀ ਅਤੇ ਉਸ ਨੂੰ ਭਾਰਤ ਲਿਆਉਣ ਦੀ ਮੰਗ ਕੀਤੀ।ਇਸ ਦੌਰਾਨ ਉਨ੍ਹਾਂ ਦੇ ਵਕੀਲ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਅਗਵਾ ਕਰਕੇ ਡੋਮਿਨਿਕਾ ਲਿਆਂਦਾ ਗਿਆ ਸੀ ਅਤੇ ਉਸ ਦੇ ਸਰੀਰ ਤੇ ਸੱਟਾਂ ਦੇ ਨਿਸ਼ਾਨ ਵੀ ਹਨ। ਇਸ ਲਈ ਪੂਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ।ਭਾਰਤ ਤੋਂ ਫਰਾਰ ਹੋਣ ਤੋਂ ਬਾਅਦ ਮੇਹੁਲ ਚੋਕਸੀ ਨੇ ਐਂਟੀਗੁਆ ਅਤੇ ਬਾਰਬੁਡਾ ਦੀ ਨਾਗਰਿਕਤਾ ਲੈ ਕੇ ਭਾਰਤੀ ਸੁਰੱਖਿਆ ਏਜੰਸੀਆਂ ਨੂੰ ਵੱਡਾ ਧੱਕਾ ਦਿੱਤਾ ਸੀ। ਪਿਛਲੇ ਤਿੰਨ ਸਾਲਾਂ ਤੋਂ ਭਾਰਤੀ ਸੁਰੱਖਿਆ ਏਜੰਸੀਆਂ ਅਤੇ ਵਿਦੇਸ਼ ਮੰਤਰਾਲੇ ਇਸ ਨੂੰ ਭਾਰਤ ਲਿਆਉਣ ਲਈ ਨਿਰੰਤਰ ਕੋਸ਼ਿਸ਼ ਕਰ ਰਹੇ ਹਨ। ਉਹ ਐਂਟੀਗੁਆ ਤੋਂ ਡੋਮੀਨੀਕਾ ਕਿਵੇਂ ਭੱਜਿਆ ਇਹ ਅਜੇ ਵੀ ਇਕ ਰਹੱਸ ਹੈ। ਪਰ ਡੋਮਿਨਿਕਾ ਪੁਲੀਸ ਨੇ ਉਸਨੂੰ ਇੰਟਰਪੋਲ ਦੇ ਯੈਲੋ ਕਾਰਨਰ ਨੋਟਿਸ ਦੇ ਅਧਾਰ ਤੇ ਗ੍ਰਿਫਤਾਰ ਕੀਤਾ ਹੈ।ਉਸਦੀ ਗ੍ਰਿਫਤਾਰੀ ਦੀ ਜਾਣਕਾਰੀ ਮਿਲਣ ਤੇ ਐਂਟੀਗੁਆ ਦੇ ਪ੍ਰਧਾਨ ਮੰਤਰੀ ਗੈਸਟਨ ਬ੍ਰਾਊਨ ਨੇ ਦੱਸਿਆ ਕਿ ਉਨ੍ਹਾਂ ਦਾ ਦੇਸ਼ ਮੇਹੁਲ ਚੋਕਸੀ ਨੂੰ ਵਾਪਸ ਲੈਣ ਵਿਚ ਕੋਈ ਰੁਚੀ ਨਹੀਂ ਰੱਖਦਾ। ਡੋਮਿਨਿਕਾ ਉਸਨੂੰ ਸਿੱਧਾ ਭਾਰਤ ਦੇ ਹਵਾਲੇ ਕਰ ਸਕਦਾ ਹੈ।