ਅੰਮ੍ਰਿਤਸਰ – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਭਗਵਾਨ ਸਿੰਘ ਦਾ ਅੰਤਮ ਸੰਸਕਾਰ ਅੱਜ ਸਥਾਨਕ ਤਰਨ ਤਾਰਨ ਰੋਡ ’ਤੇ ਸਥਿਤ ਗੁਰਦੁਆਰਾ ਸੰਗਰਾਣਾ ਸਾਹਿਬ ਨਜ਼ਦੀਕ ਕੀਤਾ ਗਿਆ। ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਸ. ਪ੍ਰਮਿੰਦਰ ਸਿੰਘ ਨੇ ਦਿੱਤੀ ਅਤੇ ਅਰਦਾਸ ਸ੍ਰੀ ਦਰਬਾਰ ਸਾਹਿਬ ਦੇ ਅਰਦਾਸੀਏ ਭਾਈ ਸੁਲਤਾਨ ਸਿੰਘ ਨੇ ਕੀਤੀ। ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਮੈਨੇਜਰ ਸ. ਗੁਰਿੰਦਰ ਸਿੰਘ ਮਥਰੇਵਾਲ ਸਮੇਤ ਹੋਰਾਂ ਨੇ ਗਿਆਨੀ ਭਗਵਾਨ ਸਿੰਘ ਦੀ ਮ੍ਰਿਤਕ ਸਰੀਰ ’ਤੇ ਦੁਸ਼ਾਲਾ ਅਤੇ ਸਿਰੋਪਾਓ ਭੇਟ ਕੀਤੇ। ਗਿਆਨੀ ਭਗਵਾਨ ਸਿੰਘ ਦੇ ਅੰਤਮ ਸੰਸਕਾਰ ਮੌਕੇ ਸੀਨੀਅਰ ਅਕਾਲੀ ਆਗੂ ਸ. ਤਲਬੀਰ ਸਿੰਘ ਗਿੱਲ, ਸ. ਅਵਤਾਰ ਸਿੰਘ ਟਰੱਕਾਂ ਵਾਲੇ, ਸਾਬਕਾ ਕੌਂਸਲਰ ਸ. ਪ੍ਰਿਤਪਾਲ ਸਿੰਘ, ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਦੇ ਮੈਨੇਜਰ ਸ. ਸੁਖਰਾਜ ਸਿੰਘ, ਵਧੀਕ ਮੈਨੇਜਰ ਸ. ਜਗਤਾਰ ਸਿੰਘ ਸ਼ਹੂਰਾ, ਭਾਈ ਜਗਬੀਰ ਸਿੰਘ, ਭਾਈ ਸੁਖਦੇਵ ਸਿੰਘ ਅਤੇ ਸਿੰਘ ਸਾਹਿਬ ਦੇ ਪਰਿਵਾਰਕ ਮੈਂਬਰ ਮੌਜੂਦ ਸਨ। ਇਸੇ ਦੌਰਾਨ ਬੀਤੇ ਕੱਲ੍ਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਗਿਆਨੀ ਭਗਵਾਨ ਸਿੰਘ ਦੇ ਗ੍ਰਹਿ ਵਿਖੇ ਪਹੁੰਚ ਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ। ਬੀਬੀ ਜਗੀਰ ਕੌਰ ਨੇ ਗਿਆਨੀ ਭਗਵਾਨ ਸਿੰਘ ਦੀਆਂ ਸਿੱਖੀ ਪ੍ਰਚਾਰ ਪ੍ਰਸਾਰ ਲਈ ਨਿਭਾਈਆਂ ਸੇਵਾਵਾਂ ਨੂੰ ਯਾਦ ਕੀਤਾ।