ਦਿੱਲੀ – ਭਗੌੜਾ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਐਂਟੀਗੁਆ ਤੋਂ ਵੀ ਲਾਪਤਾ ਹੋ ਗਿਆ ਹੈ। ਪੁਲੀਸ ਨੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਚੋਕਸੀ ਦੇ ਵਕੀਲ ਵਿਜੈ ਅਗਰਵਾਲ ਨੇ ਵੀ ਐਂਟੀਗੁਆ ਤੋਂ ਸਥਾਨਕ ਰਿਪੋਰਟਾਂ ਦੇ ਤੁਰੰਤ ਬਾਅਦ ਇਸ ਦੀ ਪੁਸ਼ਟੀ ਕੀਤੀ ਹੈ। ਚੋਕਸੀ ਨੇ ਐਂਟੀਗੁਆ ਵਿੱਚ ਇਕ ਨਾਗਰਿਕ ਦੇ ਰੂਪ ਵਿੱਚ ਪਨਾਹ ਮੰਗੀ ਹੈ। ਵਕੀਲ ਨੇ ਕਿਹਾ ਕਿ ਉਹ ਬੀਤੇ ਦਿਨ ਆਪਣੇ ਘਰੋਂ ਟਾਪੂ ਦੇ ਦੱਖਣੀ ਹਿੱਸੇ ਵਿੱਚ ਇਕ ਮਸ਼ਹੂਰ ਰੈਸਤਰਾਂ ਵਿੱਚ ਡਿਨਰ ਲਈ ਨਿਕਲੇ ਸਨ। ਇਸ ਤੋਂ ਬਾਅਦ ਉਹ ਵਾਪਸ ਨਹੀਂ ਆਏ।ਪ੍ਰਾਪਤ ਜਾਣਕਾਰੀ ਅਨੁਸਾਰ ਉਸਦੀ ਕਾਰ ਬੀਤੀ ਸ਼ਾਮ ਜੌਲੀ ਹਾਰਬਾਰ ਤੋਂ ਬਰਾਮਦ ਹੋਈ।ਜ਼ਿਕਰਯੋਗ ਹੈ ਕਿ ਐਂਟੀਗੁਆ ਤੇ ਬਾਰਬੁਡਾ ਵਿੱਚ ਰਹਿਣ ਵਾਲੇ 61 ਸਾਲਾ ਭਾਰਤੀ ਕੋਰਾਬੀਰ ਤੇ ਗੀਤਾਂਜਲੀ ਸਮੂਹ ਦੇ ਮਾਲਕ ਮੇਹੁਲ ਚੋਕਸੀ ਨੂੰ ਕੇਂਦਰੀ ਜਾਂਚ ਬਿਊਰੋ ਤੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵਾਂਟੇਡ ਐਲਾਨਿਆ ਹੋਇਆ ਹੈ। ਮੇਹੁਲ ਚੋਕਸੀ ਨੇ ਮੈਗਾ-ਘੁਟਾਲੇ ਦੇ ਸਾਹਮਣੇ ਆਉਣ ਤੋਂ ਇਕ ਮਹੀਨਾ ਪਹਿਲਾਂ 4 ਜਨਵਰੀ, 2018 ਨੂੰ ਐਂਟੀਗੁਆ ਭੱਜਣ ਤੋਂ ਪਹਿਲਾਂ 13,578 ਕਰੋੜ ਰੁਪਏ ਦੀ ਪੀਐੱਨਬੀ ਧੋਖਾਧੜੀ ਵਿੱਚ ਕਰੀਬ 7,080 ਕਰੋੜ ਰੁਪਏ ਦੀ ਹੇਰਾਫੇਰੀ ਕੀਤੀ ਸੀ। ਉਸਦੇ ਖਿਲਾਫ ਪੰਜਾਬ ਨੈਸ਼ਨਲ ਬੈਂਕ ਧੋਖਾਧੜੀ ਮਾਮਲੇ ਵਿੱਚ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ।