ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਨਵਾਬ ਜੱਸਾ ਸਿੰਘ ਆਹਲੂਵਾਲੀਆ ਟਰੱਸਟ ਦੇ ਚੇਅਰਮੈਨ ਅਤੇ ਪੰਜਾਬ ਨਰਸਿੰਗ ਕਾਲਿਜਜ਼ ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸਿੰਘ ਵਾਲੀਆ ਦੇ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਹ 61 ਵਰ੍ਹਿਆਂ ਦੇ ਸਨ ਜਿਨ੍ਹਾਂ ਦਾ ਅੱਜ ਦੁਪਹਿਰ ਬਾਅਦ ਪਿਛਲੇ ਦੋ ਹਫ਼ਤਿਆਂ ਤੋਂ ਕੋਵਿਡ ਨਾਲ ਜੂਝਦਿਆਂ ਐਸ.ਏ.ਐਸ. ਨਗਰ (ਮੁਹਾਲੀ) ਦੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ ਆਪਣੇ ਪਿੱਛੇ ਪਤਨੀ, ਇਕ ਬੇਟਾ ਤੇ ਇਕ ਧੀ ਛੱਡ ਗਏ।ਆਪਣੇ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਚਰਨਜੀਤ ਸਿੰਘ ਵਾਲੀਆ ਨੂੰ ਇਕ ਵਧੀਆ ਇਨਸਾਨ ਦੱਸਦਿਆਂ ਕਿਹਾ ਕਿ ਉਹ ਇਕ ਸਮਾਜ ਸੇਵੀ, ਸਿੱਖਿਆ ਸਾਸ਼ਤਰੀ ਤੇ ਫਿਲਮ ਨਿਰਮਾਤਾ ਵੀ ਸਨ ਜਿਨ੍ਹਾਂ ਸਮਾਜ ਦੀ ਭਲਾਈ ਅਥਾਹ ਯੋਗਦਾਨ ਪਾਇਆ।ਮੁੱਖ ਮੰਤਰੀ ਨੇ ਸ ਵਾਲੀਆ ਦੇ ਪਰਿਵਾਰ, ਸਾਕ-ਸਨੇਹੀਆਂ ਤੇ ਦੋਸਤਾਂ ਨਾਲ ਦੁੱਖ ਸਾਂਝਾ ਕਰਦਿਆਂ ਵਾਹਿਗੁਰੂ ਅੱਗੇ ਵਿਛੜੀ ਹੋਈ ਰੂਹ ਦੀ ਆਤਮਿਕ ਸ਼ਾਂਤੀ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਅਰਦਾਸ ਕੀਤੀ।