ਮੁੰਬਈ – ਸ਼ਿਵ ਸੈਨਾ ਨੇ ਅੱਜ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਸੂਬੇ ਦੇ 12 ਕਰੋੜ ਲੋਕਾਂ ਦਾ ‘ਫੈਮਿਲੀ ਡਾਕਟਰ’ ਕਰਾਰ ਦਿੱਤਾ। ਪਾਰਟੀ ਨੇ ਕਿਹਾ ਕਿ ਠਾਕਰੇ ਦੇ ‘ਫ਼ਿਕਰ ਕਰਨ ਵਾਲੇ ਰਵੱਈਏ’ ਨੇ ਮਹਾਮਾਰੀ ਨੂੰ ‘ਖ਼ਤਰੇ ਦਾ ਪੱਧਰ’ ਪਾਰ ਕਰਨ ਤੋਂ ਰੋਕ ਲਿਆ। ਪਾਰਟੀ ਨੇ ਅਖ਼ਬਾਰ ‘ਸਾਮਨਾ’ ਵਿਚ ਲਿਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੂਜੀ ਲਹਿਰ ਨਾਲ ਨਜਿੱਠਣ ਲਈ ਮਹਾਰਾਸ਼ਟਰ ਵੱਲੋਂ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ ਹੈ। ਹਾਲ ਹੀ ਵਿਚ ਡਾਕਟਰਾਂ ਨਾਲ ਗੱਲਬਾਤ ਕਰਦਿਆਂ ਠਾਕਰੇ ਨੇ ਬੇਨਤੀ ਕੀਤੀ ਕਿ ਉਹ ਮਰੀਜ਼ਾਂ ਵਿਚ ਕੋਵਿਡ ਦੇ ਲੱਛਣ ਮੁੱਢਲੇ ਦੌਰ ’ਚ ਹੀ ਪਛਾਨਣ ਤੇ ਸਮੇਂ ਸਿਰ ਇਲਾਜ ਕਰਨ। ਸੈਨਾ ਦੀ ਅਗਵਾਈ ਕਰ ਰਹੇ ਠਾਕਰੇ ਨੂੰ ‘ਕੋਵਿਡਾਲੌਜਿਸਟ’ ਕਰਾਰ ਦਿੰਦਿਆਂ ਲਿਖਿਆ ਗਿਆ ਹੈ ਕਿ ਸ਼ਾਇਦ ਉਹ ਇਕੋ ਇਕ ਮੁੱਖ ਮੰਤਰੀ ਹਨ ਜਿਨ੍ਹਾਂ ਕੋਵਿਡ ਸੰਕਟ ਦਾ ਵਿਸਥਾਰ ਵਿਚ ਅਧਿਐਨ ਕੀਤਾ ਹੈ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਵਿਚ ਕੇਸ ਘਟੇ ਹਨ।