ਨਵੀਂ ਦਿੱਲੀ – ਕੋਰੋਨਾ ਦੇ ਕਹਿਰ ਨਾਲ ਭਾਰਤ ਇਸ ਸਮੇਂ ਬਹੁਤ ਮੁਸ਼ਕਲ ਸਮੇਂ ਤੋਂ ਲੰਘ ਰਿਹਾ ਹੈ। ਦੇਸ਼ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਕ ਦਿਨ ਵਿੱਚ 4 ਲੱਖ ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਜਾ ਰਹੇ ਹਨ। ਅਜਿਹੇ ਵਿੱਚ ਦੇਸ਼ ਦੇ ਹਸਪਤਾਲਾਂ ਵਿੱਚ ਆਕਸੀਜਨ ਸੰਕਟ ਤੇ ਮੈਡੀਕਲ ਉਪਕਰਨ ਦੀ ਕਮੀ ਪੈਦਾ ਹੋ ਗਈ ਹੈ। ਲਗਾਤਾਰ ਮਰੀਜ਼ਾਂ ਦੀ ਜਾਨ ਆਕਸੀਜਨ ਦੀ ਘਾਟ ਨਾਲ ਜਾ ਰਹੀ ਹੈ। ਕੇਂਦਰ ਸਰਕਾਰ ਅਤੇ ਸੂਬੇ ਸਰਕਾਰ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਸੰਕਟ ਤੋਂ ਨਜਿੱਠਿਆ ਜਾਵੇ। ਇਸ ਆਫਤ ਨਾਲ ਨਜਿੱਠਣ ਲਈ ਹਰ ਰੋਜ਼ ਹੋਰ ਦੇਸ਼ ਵੀ ਭਾਰਤ ਦੀ ਮਦਦ ਕਰਨ ਲਈ ਸਾਹਮਣੇ ਆ ਰਹੇ ਹਨ। ਅਮਰੀਕਾ, ਫਰਾਂਸ, ਰੂਸ, ਬ੍ਰਾਜੀਲ ਸਮੇਤ ਕਈ ਦੇਸ਼ਾਂ ਨੇ ਭਾਰਤ ਨੂੰ ਮੈਡੀਕਲ ਉਪਕਰਨ ਮੁਹੱਈਆ ਕਰਵਾਏ ਗਈਆਂ ਹਨ।ਪ੍ਰਾਪਤ ਜਾਣਕਾਰੀ ਅਨੁਸਾਰ ਥਾਈਲੈਂਡ ਨੇ ਵੀ ਭਾਰਤ ਦੀ ਮਦਦ ਲਈ ਹੱਥ ਵਧਾਏ ਹਨ। ਥਾਈਲੈਂਡ ਸਰਕਾਰ ਵੱਲੋਂ ਭਾਰਤ ਵਿੱਚ 200 ਆਕਸੀਜਨ ਸਿਲੰਡਰ, 10 ਆਕਸੀਜਨ ਕੰਸਟ੍ਰੇਟਰ ਭੇਜੇ ਗਏ ਹਨ। ਇੰਨਾ ਹੀ ਨਹੀਂ ਥਾਈਲੈਂਡ ਵਿੱਚ ਰਹਿ ਰਹੇ ਭਾਰਤੀ ਭਾਈਚਾਰੇ ਵੱਲੋਂ ਵੀ ਮਦਦ ਕੀਤੀ ਗਈ ਹੈ। ਇਨ੍ਹਾਂ ਲੋਕਾਂ ਨੇ ਭਾਰਤ ਵਿੱਚ 100 ਆਕਸੀਜਨ ਸਿਲੰਡਰ ਅਤੇ 60 ਕੰਸਟ੍ਰੇਟਰ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਭੇਜੇ ਹਨ।