ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਭਾਰਤ ਦੇ ਚੀਨ ਨਾਲ ਸਬੰਧ ‘ਬਹੁਤ ਮੁਸ਼ਕਲ ਪੜਾਅ’ ਵਿੱਚੋਂ ਗੁਜ਼ਰ ਰਹੇ ਹਨ ਪਰ ਦੇਸ਼ ਵਿੱਚ ਕੋਵਿਡ-19 ਮਹਾਮਾਰੀ ਦੌਰਾਨ ਰਣਨੀਤਕ ਸਾਮਾਨ ਦੀ ਆਵਾਜਾਈ ’ਚ ਢਿੱਲ ਦੇਣ ਸਬੰਧੀ ਹੋਈ ਸੱਜਰੀ ਚਰਚਾ ਰਾਹੀਂ ਕੁਝ ਹਾਂਪੱਖੀ ਨਤੀਜੇ ਸਾਹਮਣੇ ਆਏ ਹਨ। ਇੱਥੇ ਆਨਲਾਈਨ ਸੈਸ਼ਨ ਮੌਕੇ ਭਾਰਤ-ਚੀਨ ਸਬੰਧਾਂ ਅਤੇ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨਾਲ ਹੋਈ ਹਾਲੀਆ ਚਰਚਾ ਸਬੰਧੀ ਸਵਾਲ ਦੇ ਜਵਾਬ ’ਚ ਸ੍ਰੀ ਜੈਸ਼ੰਕਰ ਨੇ ਕਿਹਾ, ‘ਪਿਛਲੀ ਗੱਲਬਾਤ ਕਾਫ਼ੀ ਹੱਦ ਤੱਕ ’ਤੇ ਕਰੋਨਾ ਮਹਾਮਾਰੀ ’ਤੇ ਕੇਂਦਰਤ ਸੀ ਅਤੇ ਮੇਰੀ ਗੱਲਬਾਤ ਦਾ ਵਿਸ਼ਾ ਸੀ ਕਿ ਕਰੋਨਾ ਨਿਸ਼ਚਿਤ ਤੌਰ ’ਤੇ ਕੁਝ ਵੱਡਾ ਹੈ ਅਤੇ ਇਹ ਸਾਡੇ ਸਾਂਝੇ ਹਿੱਤ ਵਿੱਚ ਹੈ ਕਿ ਇਸ ਨਾਲ ਨਜਿੱਠਣ ਲਈ ਰਲ ਕੇ ਕੰਮ ਕਰੀਏ ਅਤੇ ਇਹੀ ਗੱਲ ਵਿਦੇਸ਼ ਮੰਤਰੀ ਵਾਂਗ ਯੀ ਨੇ ਵੀ ਮੈਨੂੰ ਕਹੀ ਸੀ।’ ਭਾਰਤ-ਚੀਨ ਸਬੰਧਾਂ ਬਾਰੇ ਵਿਦੇਸ਼ ਮੰਤਰੀ ਨੇ ਕਿਹਾ ਕਿ ਫੌਜਾਂ ਨੂੰ ਪਿੱਛੇ ਹਟਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ ਪਰ ਹਾਲੇ ਸਰਹੱਦ ਦੇ ਇੱਛਤ ਸਥਾਨ ਤੱਕ ਉਨ੍ਹਾਂ ਦੀ ਵਾਪਸੀ ਨਹੀਂ ਹੋਈ ਹੈ। ਸ੍ਰੀ ਜੈਸ਼ੰਕਰ ਨੇ ਕਿਹਾ, ‘ਮੌਜੂਦਾ ਸਮੇਂ ਸਾਡੇ ਰਿਸ਼ਤੇ ਮੁਸ਼ਕਲ ਦੌਰ ’ਚੋਂ ਗੁਜ਼ਰ ਰਹੇ ਹਨ ਕਿਉਂਕਿ ਸਮਝੌਤਿਆਂ ਦੀ ਉਲੰਘਣਾ ਹੋਈ ਹੈ ਅਤੇ ਚੀਨ ਵੱਲੋਂ ਬਿਨਾਂ ਕਾਰਨ ਅਸਲ ਕੰਟਰੋਲ ਰੇਖਾ ’ਤੇ ਵੱਡੀ ਗਿਣਤੀ ’ਚ ਆਪਣੀ ਫ਼ੌਜ ਤਾਇਨਾਤ ਕੀਤੀ ਗਈ ਹੈ।’ ਉਨ੍ਹਾਂ ਕਿਹਾ, ‘ਉਹ ਇੱਕ ਸਾਲ ਤੋਂ ਉੱਥੇ ਹਨ ਅਤੇ ਉਨ੍ਹਾਂ ਦੀ ਕਾਰਵਾਈਆਂ ਨਾਲ ਸਰਹੱਦੀ ਇਲਾਕਿਆਂ ’ਚ ਸ਼ਾਂਤੀ ਅਤੇ ਸਬਰ ਭੰਗ ਹੋਇਆ ਹੈ। ਅਸੀਂ 45 ਸਾਲਾਂ ਮਗਰੋਂ ਲੰਘੇ ਸਾਲ ਜੂਨ ਮਹੀਨੇ ਉੱਥੇ ਖੂਨ ਖਰਾਬਾ ਦੇਖਿਆ।’ ਜੈਸ਼ੰਕਰ ਨੇ ਕਿਹਾ ਕਿ ਭਾਰਤ ਦਾ ਬਹੁਤ ਸਪੱਸ਼ਟ ਰੁਖ਼ ਹੈ ਕਿ ਗੁਆਂਂਢੀ ਦੇਸ਼ਾਂ ਨਾਲ ਚੰਗੇ ਰਿਸ਼ਤਿਆਂ ਲਈ ਸਰਹੱਦੀ ਇਲਾਕਿਆਂ ’ਚ ਸ਼ਾਂਤੀ ਅਤੇ ਸਬਰ ਬਹੁਤ ਜ਼ਰੂਰੀ ਹੈ।