ਸਰੀ, 5 ਅਗਸਤ 2020-ਸਰੀ ਵਸਦੇ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 86 ਵਾਂ ਜਨਮ ਦਿਨ ਪਰਿਵਾਰਕ ਮੈਂਬਰਾਂ ਅਤੇ ਲੇਖਕ ਦੋਸਤਾਂ ਨੇ ਖੁਸ਼ੀਆਂ ਨਾਲ ਮਨਾਇਆ ਅਤੇ ਉਨ੍ਹਾਂ ਦੀ ਲੰਮੇਰੀ ਉਮਰ ਦੀ ਕਾਮਨਾ ਕਰਦਿਆਂ ਉਨ੍ਹਾਂ ਪਾਸੋਂ ਪੰਜਾਬੀ ਸਾਹਿਤ ਵਿਚ ਹੋਰ ਵਡਮੁੱਲੀਆਂ ਰਚਨਾਵਾਂ ਦਾ ਯੋਗਦਾਨ ਪਾਉਣ ਦੀ ਉਮੀਦ ਜ਼ਾਹਰ ਕੀਤੀ।
ਵਰਨਣਯੋਗ ਹੈ ਕਿ ਜਰਨੈਲ ਸਿੰਘ ਸੇਖਾ ਦਸ ਪੁਸਤਕਾਂ ਰਾਹੀਂ ਪੰਜਾਬੀ ਸਾਹਿਤ ਨੂੰ ਪ੍ਰਫੁੱਲਤ ਕਰਨ ਵਿਚ ਆਪਣਾ ਯੋਗਦਾਨ ਪਾ ਚੁੱਕੇ ਹਨ।। ਉਨ੍ਹਾਂ ਦੁਆਰਾ ਰਚਿਤ ਚਾਰ ਨਾਵਲ – ਦੁਨੀਆਂ ਕੈਸੀ ਹੋਈ, ਭਗੌੜਾ, ਵਿਗੋਚਾ ਅਤੇ ਬੇਗਾਨੇ, ਦੋ ਕਹਾਣੀ ਸੰਗ੍ਰਹਿ -ਉਦਾਸੇ ਬੋਲ, ਆਪਣਾ ਆਪਣਾ ਸੁਰਗ, ਇਕ ਸਫਰਨਾਮਾ- ਦੁੱਲੇ ਦੀ ਬਾਰ ਤੱਕ ਅਤੇ ਸਵੈ-ਜੀਵਨੀ- ਚੇਤਿਆਂ ਦੀ ਚਿਲਮਨ ਵਰਨਣਯੋਗ ਹਨ। ਭਗੌੜਾ ਨਾਵਲ ਹਿੰਦੀ ਵਿਚ ਅਤੇ ਵੈਨਕੂਵਰ ਸੇ ਲਾਇਲਪੁਰ (ਸਫਰਨਾਮਾ) ਉਰਦੂ ਵਿਚ ਪ੍ਰਕਾਸ਼ਿਤ ਹੋਏ ਹਨ।
ਇਸੇ ਦੌਰਾਨ ਸਾਹਿਤ ਅਕੈਡਮੀ ਐਵਾਰਡ ਨਾਲ ਸਨਮਾਨਿਤ ਗ਼ਜ਼ਲਗੋ ਜਸਵਿੰਦਰ, ਪ੍ਰਸਿੱਧ ਸਾਹਿਤਕਾਰ ਜੈਤੇਗ ਸਿੰਘ ਅਨੰਤ, ਡਾ. ਪ੍ਰਿਥੀਪਾਲ ਸਿੰਘ ਸੋਹੀ, ਚਿਤਰਕਾਰ ਜਰਨੈਲ ਸਿੰਘ, ਮੋਹਨ ਗਿੱਲ, ਹਰਕੇਸ਼ ਸਿੰਘ ਸਿੱਧੂ, ਹਰਦਮ ਸਿੰਘ ਮਾਨ, ਹਰਿੰਦਰ ਕੌਰ ਸੋਹੀ, ਹਰਕੀਰਤ ਕੌਰ ਚਾਹਲ, ਰਾਜਵੰਤ ਸਿੰਘ ਰਾਜ, ਅੰਗਰੇਜ਼ ਬਰਾੜ, ਸੁਰਿੰਦਰ ਸਿੰਘ ਜੱਬਲ ਅਤੇ ਹੋਰ ਕਈ ਸਾਹਿਤਕਾਰਾਂ, ਪ੍ਰਸੰਸਕਾਂ ਨੇ ਜਰਨੈਲ ਸਿੰਘ ਸੇਖਾ ਨੂੰ ਜਨਮ ਦਿਨ ਦੀ ਮੁਬਾਰਕਾਦ ਦਿੱਤੀ ਹੈ।