ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਭਾਰਤ ਨੂੰ ਹਰ ਉਹ ਸਹਾਇਤਾ ਭੇਜੀ ਜਾ ਰਹੀ ਹੈ ਜਿਸ ਦੀ ਕੋਵਿਡ-19 ਖ਼ਿਲਾਫ਼ ਜੰਗ ’ਚ ਉਸ ਨੂੰ ਲੋੜ ਹੈ। ਉਨ੍ਹਾਂ ਦੁਹਰਾਇਆ ਕਿ ਭਾਰਤ ਨੇ ਪਿਛਲੇ ਸਾਲ ਮਹਾਮਾਰੀ ਵੇਲੇ ਅਮਰੀਕਾ ਨੂੰ ਲੋੜ ਪੈਣ ’ਤੇ ਸਹਾਇਤਾ ਕੀਤੀ ਸੀ। ਬਾਇਡਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸੋਮਵਾਰ ਨੂੰ ਵਿਸਥਾਰ ਨਾਲ ਗੱਲ ਕਰਦਿਆਂ ਲਾਗ ਦੀ ਘਾਤਕ ਬਿਮਾਰੀ ਖ਼ਿਲਾਫ਼ ਭਾਰਤ ਦੀ ਲੜਾਈ ’ਚ ਇਕਜੁੱਟਤਾ ਪ੍ਰਗਟਾਈ ਸੀ। ਬਾਇਡਨ ਨੇ ਮੰਗਲਵਾਰ ਨੂੰ ਵ੍ਹਾਈਟ ਹਾਊਸ ’ਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਅਮਰੀਕਾ ਰੈਮਡੇਸਿਵਿਰ ਸਮੇਤ ਹੋਰ ਦਵਾਈਆਂ ਭਾਰਤ ਨੂੰ ਭੇਜ ਰਿਹਾ ਹੈ। ਉਨ੍ਹਾਂ ਕਿਹਾ ਕਿ ਵੈਕਸੀਨ ਬਣਾਉਣ ਦੀ ਪ੍ਰਣਾਲੀ ਲਈ ਲੋੜੀਂਦੀ ਮਸ਼ੀਨਰੀ ਵੀ ਭੇਜੀ ਜਾ ਰਹੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਨਾਲ ਇਸ ਗੱਲ ’ਤੇ ਵੀ ਚਰਚਾ ਕੀਤੀ ਕਿ ਅਮਰੀਕਾ, ਭਾਰਤ ਨੂੰ ਅਸਲ ਟੀਕੇ ਕਦੋਂ ਭੇਜ ਸਕੇਗਾ। ‘ਫਿਲਹਾਲ ਦਿੱਕਤ ਇਹ ਹੈ ਕਿ ਸਾਨੂੰ ਯਕੀਨੀ ਬਣਾਉਣਾ ਪਵੇਗਾ ਕਿ ਨੋਵਾਵੈਕਸ ਅਤੇ ਹੋਰ ਸੰਭਾਵਿਤ ਟੀਕੇ ਸਾਡੇ ਕੋਲ ਵੱਡੀ ਗਿਣਤੀ ’ਚ ਹੋਣ ਅਤੇ ਮੇਰੇ ਵਿਚਾਰ ਨਾਲ ਅਸੀਂ ਤਾਂ ਹੀ ਟੀਕੇ ਵੰਡਣ ਦੀ ਸਥਿਤੀ ’ਚ ਹੋਵਾਂਗੇ।’ ਉਧਰ ਅਮਰੀਕੀ ਕਾਨੂੰਨਸਾਜ਼ਾਂ ਨੇ ਬਾਇਡਨ ਵੱਲੋਂ ਭਾਰਤ ਨੂੰ ਦਿੱਤੀ ਗਈ ਸਹਾਇਤਾ ਦੀ ਸ਼ਲਾਘਾ ਕੀਤੀ ਹੈ। ਕਾਂਗਰਸਮੈਨ ਬਰੈਡ ਸ਼ੇਰਮਨ ਨੇ ਕਿਹਾ ਕਿ ਭਾਰਤ ਦਾ ਸਾਥੀ ਹੋਣ ਕਰਕੇ ਅਮਰੀਕਾ ਦਾ ਫ਼ਰਜ਼ ਬਣਦਾ ਹੈ ਕਿ ਉਹ ਕੋਵਿਡ-19 ਦੀ ਚੁਣੌਤੀ ਦੇ ਟਾਕਰੇ ਲਈ ਉਸ ਦੀ ਸਹਾਇਤਾ ਕਰੇ। ਕਾਨੂੰਨਸਾਜ਼ਾਂ ਮਾਈਕਲ ਵਾਲਟਜ਼, ਬਿਲ ਫੌਸਟਰ, ਸੈਨੇਟਰ ਰੌਬਰਟ ਮੈਨੇਡੇਜ਼, ਮਾਰਕ ਵਾਰਨਰ, ਜੌਹਨ ਕੋਰਨਿਨ ਅਤੇ ਭਾਰਤੀ-ਅਮਰੀਕੀ ਕਾਂਗਰਸਮੈਨ ਰਾਜਾ ਕ੍ਰਿਸ਼ਨਾਮੂਰਤੀ ਨੇ ਵੀ ਅਮਰੀਕਾ ਵੱਲੋਂ ਭਾਰਤ ਦੀ ਸਹਾਇਤਾ ਦੇ ਫ਼ੈਸਲੇ ਦੀ ਪ੍ਰਸ਼ੰਸਾ ਕੀਤੀ ਹੈ।