ਨਵੀਂ ਦਿੱਲੀ – ਦੇਸ਼ ਵਿਚ ਕੋਰੋਨਾ ਕਾਰਨ ਵਿਗੜਦੇ ਹਾਲਾਤ ਦੇ ਮੱਦੇਨਜ਼ਰ ਸੁਪਰੀਮ ਕੋਰਟ ਨੇ ਇਸ ਦਾ ਖ਼ੁਦ ਨੋਟਿਸ ਲਿਆ ਹੈ। ਅੱਜ ਸੁਪਰੀਮ ਕੋਰਟ ਵਿੱਚ ਇਸ ਮਾਮਲੇ ਦੀ ਸੁਣਵਾਈ ਸ਼ੁਰੂ ਹੋਈ। ਸੀਜੇਆਈ ਐੱਸਏ ਬੋਬੜੇ ਦੀ ਨੁਮਾਇੰਦਗੀ ਵਾਲੀ ਅਦਾਲਤ ਦੀ ਤਿੰਨ ਮੈਂਬਰੀ ਬੈਂਚ ਨੇ ਇਸ ਮਾਮਲੇ ਦੀ ਸੁਣਵਾਈ ਕੀਤੀ। ਸੀਜੇਆਈ ਸ਼ਰਦ ਅਰਵਿੰਦ ਬੋਬੜੇ ਨੇ ਕਿਹਾ ਕਿ ਦੇਸ਼ ਭਰ ਵਿਚ ਆਕਸੀਜਨ ਦੀ ਘਾਟ ਕਾਰਨ ਲੋਕ ਮਰ ਰਹੇ ਹਨ। ਸੀਨੀਅਰ ਵੀਕਲ ਹਰੀਸ਼ ਸਾਲਵੇ ਨੇ ਕਿਹਾ ਕਿ ਇਸ ਮਾਮਲੇ ਤੋਂ ਹਟਣ ਦੀ ਇਜਾਜ਼ਤ ਦਿਉ। ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਇਹ ਬੇਹੱਦ ਮੰਦਭਾਗਾ ਹੈ ਕਿ ਕਈ ਵਰਚੁਅਲ ਮੀਡੀਆ ਪਲੇਟਫਾਰਮਜ਼ ਇਸ ਮਾਮਲੇ ਵਿੱਚ ਹਰੀਸ਼ ਸਾਲਵੇ ਨੂੰ ਐਮਿਕਸ ਕਿਊਰੀ ਦੇ ਰੂਪ ਵਿੱਚ ਨਿਯੁਕਤ ਕਰਨ ਦੀ ਪ੍ਰਕਿਰਿਆ ਦੀ ਦੁਰਵਰਤੋਂ ਕਰ ਰਹੇ ਹਨ। ਇਸ ਤੋਂ ਬਾਅਦ ਭਾਰਤ ਦੇ ਚੀਫ ਜਸਟਿਸ ਐੱਸਏ ਬੋਬੜੇ ਨੇ ਹਰੀਸ਼ ਸਾਲਵੇ ਨੂੰ ਮਾਮਲੇ ਤੋਂ ਹਟਣ ਦੀ ਇਜਾਜ਼ਤ ਦਿੱਤੀ।ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਇਕ ਸੀਨੀਅਰ ਵਕੀਲ ਵਿਕਾਸ ਸਿੰਘ ਨੇ ਕਿਹਾ ਕਿ ਲੀਡਰਸ਼ਿਪ ਨੂੰ ਅੰਤਰਰਾਜੀ ਆਵਾਜਾਈ ਤੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਆਕਸੀਜਨ ਦੀ ਗੰਭੀਰ ਘਾਟ ਹੈ। ਸੀ. ਜੇ. ਆਈ. ਨੇ ਕਿਹਾ ਕਿ ਇਸ ਮਾਮਲੇ ਨੂੰ 27 ਅਪ੍ਰੈਲ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ।