ਮੁੰਬਈ – ਰਾਜਸਥਾਨ ਰੌਇਲਜ਼ ਤੇ ਰੌਇਲ ਚੈਲੇਂਜਰਜ਼ ਬੈਂਗਲੌਰ ਵਿਚਾਲੇ ਅੱਜ ਇੱਥੇ ਖੇਡੇ ਗਏ ਆਈਪੀਐੱਲ ਦੇ ਮੈਚ ’ਚ ਬੈਂਗਲੌਰ ਨੇ ਰਾਜਸਥਾਨ ਨੂੰ 10 ਵਿਕਟਾਂ ਨਾਲ ਹਰਾਇਆ। ਬੈਂਗਲੌਰ ਵੱਲੋਂ ਕਪਤਾਨ ਵਿਰਾਟ ਕੋਹਲੀ ਨੇ 47 ਗੇਂਦਾਂ ’ਚ ਤਿੰਨ ਛੱਕਿਆਂ ਤੇ ਛੇ ਚੌਕਿਆਂ ਦੀ ਮਦਦ ਨਾਲ ਨਾਬਾਦ 72 ਦੌੜਾਂ ਬਣਾਈਆਂ ਜਦਕਿ ਦੇਵਦੱਤ ਪਡੀਕਲ ਨੇ 52 ਗੇਂਦਾਂ ’ਚ 11 ਚੌਕਿਆਂ ਤੇ ਛੇ ਛੱਕਿਆਂ ਦੀ ਮਦਦ ਨਾਲ ਨਾਬਾਦ 101 ਦੌੜਾਂ ਬਣਾਉਂਦਿਆਂ ਟੀਮ ਨੂੰ ਜਿੱਤ ਦੇ ਟੀਚੇ ਤੱਕ ਪਹੁੰਚਾਇਆ। ਇਸ ਤੋਂ ਪਹਿਲਾਂ ਰਾਜਸਥਾਨ ਰੌਇਲਜ਼ ਦੀ ਟੀਮ ਨੇ ਸ਼ੁਰੂਆਤੀ ਬੱਲੇਬਾਜ਼ੀ ਦੇ ਨਾਕਾਮ ਰਹਿਣ ਦੇ ਬਾਵਜੂਦ ਇੱਥੇ ਰੌਇਲ ਚੈਲੇਂਜਰਜ਼ ਬੈਂਗਲੌਰ ਨੂੰ ਜਿੱਤ ਲਈ 178 ਦੌੜਾਂ ਬਣਾਉਣ ਦਾ ਟੀਚਾ ਦਿੱਤਾ। ਲਗਾਤਾਰ ਤਿੰਨ ਮੈਚ ਜਿੱਤਣ ਵਾਲੀ ਬੈਂਗਲੌਰ ਦੇ ਗੇਂਦਬਾਜ਼ਾਂ ਨੇ ਕਪਤਾਨ ਵਿਰਾਟ ਕੋਹਲੀ ਦੇ ਟੌਸ ਜਿੱਤ ਦੇ ਪਹਿਲਾਂ ਗੇਂਦਬਾਜ਼ੀ ਕਰਨ ਦੇ ਫ਼ੈਸਲੇ ਨੂੰ ਸਹੀ ਸਾਬਤ ਕੀਤਾ। ਬੈਗਲੌਰ ਲਈ ਮੁਹੰਮਦ ਸਿਰਾਜ ਨੇ 27 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ ਜਦਕਿ ਹਰਸ਼ਲ ਪਟੇਲ ਨੇ 47 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ। ਰਾਜਸਥਾਨ ਵੱਲੋਂ ਸ਼ਿਵਮ ਦੁਬੇ ਨੇ 46 ਤੇ ਰਿਆਨ ਪਰਾਗ ਨੇ 25 ਦੌੜਾਂ ਜਦਕਿ ਰਾਹੁਲ ਤੇਵਤੀਆ ਨੇ 40 ਦੌੜਾ ਬਣਾਈਆਂ।