ਓਟਾਵਾ – ਕੈਨੇਡਾ ਵਿਚ ਪੱਕੇ ਹੋਣ ਦੀ ਰਾਹ ਦੇਖ ਰਹੇ ਭਾਰਤੀ ਵਿਦਿਆਰਥੀਆਂ ਅਤੇ ਕਾਮਿਆਂ ਲਈ ਖ਼ੁਸ਼ੀ ਦੀ ਖ਼ਬਰ ਹੈ। ਕੈਨੇਡਾ ਨੇ 90 ਹਜ਼ਾਰ ਤੋਂ ਜ਼ਿਆਦਾ ਉਨ੍ਹਾਂ ਵਿਦੇਸ਼ੀ ਵਿਦਿਆਰਥੀਆਂ ਅਤੇ ਕਾਮਿਆਂ ਨੂੰ ਸਥਾਈ ਨਿਵਾਸ ਦੇਣ ਦਾ ਐਲਾਨ ਕੀਤਾ ਹੈ, ਜਿਨ੍ਹਾਂ ਨੇ ਮਹਾਮਾਰੀ ਦੌਰਾਨ ਮਰੀਜ਼ਾਂ ਦੇ ਇਲਾਜ ਵਿਚ ਮਦਦ ਕੀਤੀ ਸੀ। ਇਸ ਦਾ ਐਲਾਨ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੇ ਕੀਤਾ।ਇਹ ਪ੍ਰੋਗਰਾਮ 6 ਮਈ ਤੋਂ ਪ੍ਰਭਾਵਸ਼ਾਲੀ ਹੈ, ਜਿਸ ਦਾ ਉਦੇਸ਼ ਸਿਹਤ ਦੇਖ਼ਭਾਲ ਵਿਚ ਘੱਟ ਤੋਂ ਘੱਟ ਇਕ ਸਾਲ ਦੇ ਕੰਮ ਦਾ ਤਜ਼ਰਬਾ ਰੱਖਣ ਵਾਲੇ ਜਾਂ ਦਰਜਨ ਦੇ ਕਰੀਬ ਹੋਰ ਸੈਕਟਰਾਂ, ਜਿਵੇਂ ਕਰਿਆਨੇ ਦੀ ਦੁਕਾਨ ਦੇ ਕੈਸ਼ੀਅਰਾਂ, ਸ਼ੈਲਫ ਸਟੋਕਰਾਂ ਤੋਂ ਲੈ ਕੇ ਟਰੱਕ ਡਰਾਈਵਰਾਂ ਅਤੇ ਖੇਤ ਮਜ਼ਦੂਰਾਂ ਦੇ ਨਾਲ-ਨਾਲ ਜਿਨ੍ਹਾਂ ਨੇ ਪਿਛਲੇ 4 ਸਾਲਾਂ ਦੇ ਅੰਦਰ ਗ੍ਰੈਜੂਏਟ ਦੀ ਡਿਗਰੀ ਪ੍ਰਾਪਤ ਕੀਤੀ ਹੈ।ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਡੀਸਿਨੋ ਨੇ ਕਿਹਾ ਕਿ ਇਸ ਸਾਲ ਕੈਨੇਡਾ ਨੂੰ 400,000 ਤੋਂ ਜ਼ਿਆਦਾ ਪ੍ਰਵਾਸੀਆਂ ਦੇ ਸਵਾਗਤ ਦੇ ਆਪਣੇ ਟੀਚੇ ਤੱਕ ਪਹੁੰਚਣ ਵਿਚ ਮਦਦ ਮਿਲੇਗੀ। ਇਕ ਸਮਾਚਾਰ ਸੰਮੇਲਨ ਵਿਚ ਉਨ੍ਹਾਂ ਕਿਹਾ ਮਹਾਮਾਰੀ ਨੇ ਪ੍ਰਵਾਸੀਆਂ ਦੇ ਅਵਿਸ਼ਵਾਸਯੋਗ ਯੋਗਦਾਨ ਤੇ ਇਕ ਉਜਵਲ ਪ੍ਰਕਾਸ਼ ਪਾਇਆ ਹੈ।ਉਨ੍ਹਾਂ ਕਿਹਾ ਇਨ੍ਹਾਂ ਨਵੀਂਆਂ ਨੀਤੀਆਂ ਨਾਲ ਕੈਨੇਡਾ ਵਿਚ ਆਪਣੇ ਭਵਿੱਖ ਦੀ ਯੋਜਨਾ ਬਣਾਉਣ ਲਈ ਅਸਥਾਈ ਸਥਿਤੀ ਵਾਲੇ ਲੋਕਾਂ ਨੂੰ ਮਦਦ ਮਿਲਗੀ, ਜੋ ਆਰਥਿਕ ਸੁਧਾਰ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ ਤੇ ਬਿਹਤਰ ਨਿਰਮਾਣ ਵਿਚ ਮਦਦ ਕਰਨਗੇ।