ਚੰਡੀਗੜ੍ਹ – ਸਥਾਨਕ ਸਰਕਾਰਾਂ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਅੱਜ ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਤਰੁਣ ਚੁੱਘ ਵੱਲੋਂ ਸੂਬੇ ਵਿੱਚ ਸਰਕਾਰ ਬਣਨ ‘ਤੇ ਪਾਰਟੀ ਵੱਲੋਂ ਦਲਿਤ ਮੁੱਖ ਮੰਤਰੀ ਬਣਾਉਣ ਸਬੰਧੀ ਬਿਆਨ ਨੂੰ ਹਾਸੋਹੀਣਾ ਦੱਸਿਆ। ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਇਹ ਭਾਜਪਾ ਆਗੂ 2007 ਅਤੇ 2012 ਵਿੱਚ ਹਿੰਦੂ ਉਪ ਮੁੱਖ ਮੰਤਰੀ ਨਿਯੁਕਤ ਨਹੀਂ ਕਰ ਸਕੇ ਸਨ ਜਦੋਂ ਉਹ ਅਸਾਨੀ ਨਾਲ ਇਹ ਕਰ ਸਕਦੇ ਸਨ।ਉਹਨਾਂ ਦੱਸਿਆ ਕਿ 2007 ਵਿਚ ਅਕਾਲੀ ਦਲ ਸਰਕਾਰ ਪੂਰੀ ਤਰ੍ਹਾਂ ਭਾਜਪਾ ਦੇ ਸਮਰਥਨ ‘ਤੇ ਨਿਰਭਰ ਸੀ ਅਤੇ ਉਸ ਨੇ 21 ਵਿਚੋਂ 19 ਸੀਟਾਂ ਜਿੱਤੀਆਂ ਸਨ। ਉਨ੍ਹਾਂ ਕਿਹਾ ਕਿ ਉਦੋਂ ਉਹ ਇੱਕ ਹਿੰਦੂ ਨੂੰ ਉਪ ਮੁੱਖ ਮੰਤਰੀ ਨਹੀਂ ਬਣਾ ਸਕੇ ਅਤੇ ਹੁਣ ਜਦੋਂ ਸੂਬੇ ਵਿੱਚ ਪਾਰਟੀ ਦਾ ਵਜੂਦ ਨਹੀਂ ਰਿਹਾ, ਉਹ ਇੱਕ ਦਲਿਤ ਮੁੱਖ ਮੰਤਰੀ ਬਣਾਉਣ ਦੀ ਘੋਸ਼ਣਾ ਕਰ ਰਹੇ ਹਨ।ਸ੍ਰੀ ਮਹਿੰਦਰਾ ਨੇ ਕਿਹਾ, “ਭਾਜਪਾ ਨੇ ਹਮੇਸ਼ਾ ਹੀ ਹਿੰਦੂਆਂ ਅਤੇ ਹਿੰਦੂਤਵ ਦੀ ਪੈਰਵੀ ਕਰਨ ਦਾ ਦਾਅਵਾ ਕੀਤਾ ਹੈ, ਪਰ ਜਦੋਂ ਪਾਰਟੀ ਨੂੰ ਪੰਜਾਬ ਵਿੱਚ ਇੱਕ ਹਿੰਦੂ ਉਪ ਮੁੱਖ ਮੰਤਰੀ ਨਿਯੁਕਤ ਕਰਨ ਦਾ ਮੌਕਾ ਮਿਲਿਆ ਸੀ ਤਾਂ ਪਾਰਟੀ ਨੇ ਆਪਣੇ ਸੌੜੇ ਹਿੱਤਾਂ ਲਈ ਇਸ ਨੂੰ ਸਿਰੇ ਨਾ ਚੜ੍ਹਨ ਦਿੱਤਾ।” ਭਾਜਪਾ ਵੱਲੋਂ ਦਲਿਤ ਮੁੱਖ ਮੰਤਰੀ ਬਣਾਉਣ ਸਬੰਧੀ ਐਲਾਨ ਦਾ ਜ਼ਿਕਰ ਕਰਦਿਆਂ ਸੀਨੀਅਰ ਕਾਂਗਰਸੀ ਮੰਤਰੀ ਨੇ ਕਿਹਾ, “ਪਾਰਟੀ ਦੀ ਭਰੋਸੇਯੋਗਤਾ ਖ਼ਤਮ ਹੋ ਗਈ ਹੈ ਕਿਉਂਕਿ ਉਹ ਲੋਕਾਂ ਦੇ ਹਿੱਤਾਂ ਨੂੰ ਨਹੀਂ ਵੇਖ ਸਕੇ, ਜਿਸਦਾ ਉਹ ਪ੍ਰਤੀਨਿਧਤਾ ਕਰਨ ਦਾ ਦਾਅਵਾ ਕਰਦੇ ਹਨ ਤਾਂ ਉਹ ਦੂਜਿਆਂ ਦੇ ਹਿੱਤਾਂ ਨੂੰ ਕਿਵੇਂ ਦੇਖ ਸਕਦੇ ਹਨ।”ਉਹਨਾਂ ਕਿਹਾ, “ਇਹ ਬਹੁਤ ਹੀ ਮਜ਼ਾਕੀਆ ਗੱਲ ਹੈ ਕਿ ਜਿਹੜੀ ਪਾਰਟੀ ਸੱਤਾ ਵਿੱਚ ਹੋਣ ਦੇ ਬਾਵਜੂਦ ਉਪ ਮੁੱਖ ਮੰਤਰੀ ਨਿਯੁਕਤੀ ਨਹੀਂ ਕਰ ਸਕੀ, ਜੋ ਕਿ ਉਹ ਬੜੀ ਆਸਾਨੀ ਨਾਲ ਕਰ ਸਕਦੀ ਹੈ ਅਤੇ ਹੁਣ ਉਹ ਦਲਿਤ ਮੁੱਖ ਮੰਤਰੀ ਨਿਯੁਕਤ ਕਰਨ ਦਾ ਦਾਅਵਾ ਕਰ ਰਹੀ ਹੈ ਜਦੋਂਕਿ ਰਾਜ ਵਿੱਚ ਉਸਦਾ ਕੋਈ ਵਜੂਦ ਨਹੀਂ ਰਿਹਾ”। ਉਨ੍ਹਾਂ ਕਿਹਾ ਕਿ ਇਹ ਸਿਰਫ਼ ਬਚਾਅ ਦੀਆਂ ਚਾਲਾਂ ਹਨ ਜੋ ਪਾਰਟੀ ਨੂੰ ਕਿਸੇ ਵੀ ਤਰੀਕੇ ਨਾਲ ਸਹਾਇਤਾ ਨਹੀਂ ਕਰ ਸਕਦੀਆਂ।