ਰੋਜ਼ੇ ਸਬੰਧੀ ਬਾਹਰੋਂ ਖਾਣ-ਪੀਣ ਦਾ ਸਮਾਨ ਲੈਣ ਦੀ ਦਿੱਤੀ ਆਗਿਆ, ਨਮਾਜ਼ ਅਦਾ ਕਰਨ ਵਾਸਤੇ ਵੀ ਕੀਤਾ ਜਾਵੇਗਾ ਵੱਖਰਾ ਇੰਤਜ਼ਾਮ
ਚੰਡੀਗੜ੍ਹ – ਰਮਜ਼ਾਨ ਦੇ ਪਵਿੱਤਰ ਮਹੀਨੇ ਮੌਕੇ ਰੋਜ਼ੇ ਰੱਖਣ ਦੀ ਮਹੱਤਤਾ ਨੂੰ ਦੇਖਦਿਆਂ ਜੇਲ੍ਹ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸੂਬੇ ਦੀਆਂ ਜੇਲ੍ਹਾਂ ਵਿੱਚ ਬੰਦ ਮੁਸਲਿਮ ਭਾਈਚਾਰੇ ਦੇ ਕੈਦੀਆਂ ਦੀ ਸਹੂਲਤ ਲਈ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਸ. ਰੰਧਾਵਾ ਨੇ ਕਿਹਾ ਕਿ ਰਮਜ਼ਾਨ ਦੇ ਮਹੀਨੇ ਦੌਰਾਨ ਜੇਲ੍ਹਾਂ ਵਿੱਚ ਬੰਦ ਮੁਸਲਿਮ ਭਾਈਚਾਰੇ ਦੇ ਬੰਦੀਆਂ ਨੂੰ ਬਾਹਰੋਂ ਖਾਣ-ਪੀਣ ਦਾ ਸਮਾਨ ਲੈਣ ਦੀ ਅਗਿਆ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਬੰਦੀਆਂ ਦੇ ਪਰਿਵਾਰਕ ਮੈਂਬਰਾਂ ਜਾਂ ਹੋਰ ਗੈਰ ਸਰਕਾਰੀ ਸੰਸਥਾ ਵੱਲੋਂ ਦਿੱਤਾ ਜਾਣ ਵਾਲਾ ਸਮਾਨ ਬੰਦੀ ਹਾਸਲ ਕਰ ਸਕਣਗੇ ਪਰ ਨਾਲ ਹੀ ਉਨ੍ਹਾਂ ਜੇਲ੍ਹ ਪ੍ਰਸ਼ਾਸਨ ਨੂੰ ਹਦਾਇਤਾਂ ਵੀ ਕੀਤੀਆਂ ਹਨ ਕਿ ਸੁਰੱਖਿਆ ਪੱਖ ਤੋਂ ਸਮਾਨ ਦੀ ਚੈਕਿੰਗ ਅਤੇ ਕੋਵਿਡ-19 ਦੇ ਪ੍ਰੋਟੋਕੋਲ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇ।ਜੇਲ੍ਹ ਮੰਤਰੀ ਨੇ ਅੱਗੇ ਦੱਸਿਆ ਕਿ ਮੁਸਲਿਮ ਭਾਈਚਾਰੇ ਦੀ ਧਾਰਮਿਕ ਅਕੀਦਤ ਨੂੰ ਧਿਆਨ ਵਿੱਚ ਰੱਖਦਿਆਂ ਜੇਲ੍ਹ ਵਿੱਚ ਬੰਦੀ ਬੰਦੀਆਂ ਵੱਲੋਂ ਅਦਾ ਕੀਤੀ ਜਾਣ ਵਾਲੀ ਨਮਾਜ਼ ਲਈ ਵੀ ਜੇਲ੍ਹਾਂ ਵਿੱਚ ਪੂਰਾ ਇੰਤਜ਼ਾਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਮੂਹ ਜੇਲ੍ਹਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਜਿਨ੍ਹਾਂ ਦੀ ਇੰਨ-ਬਿੰਨ ਪਾਲਣਾ ਕਰਨੀ ਯਕੀਨੀ ਬਣਾਉਣ ਲਈ ਕਿਹਾ ਹੈ।