ਮੁੰਬਈ – ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਚੌਥੇ ਲੀਗ ਮੈਚ ਵਿੱਚ ਪੰਜਾਬ ਕਿੰਗਜ਼ ਦੀ ਟੀਮ ਨੇ ਰਾਜਸਥਾਨ ਰੌਇਲਜ਼ ਦੀ ਟੀਮ ਨੂੰ 4 ਦੌੜਾਂ ਨਾਲ ਹਰਾ ਕੇ ਟੂਰਨਾਮੈਂਟ ’ਚ ਜੇਤੂ ਸ਼ੁਰੂਆਤ ਕੀਤੀ ਹੈ। ਰਾਜਸਥਾਨ ਰੌਇਲਜ਼ ਦੀ ਟੀਮ ਪੰਜਾਬ ਕਿੰਗਜ਼ ਦੀ ਟੀਮ ਵੱਲੋਂ ਮਿਲੇ 222 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 9 ਵਿਕਟਾਂ ਗੁਆ ਕੇ 218 ਦੌੜਾਂ ਹੀ ਬਣਾ ਸਕੀ। ਸੰਜੂ ਸੈਮਸਨ ਨੇ ਪੰਜਾਬ ਦੇ ਗੇਂਦਬਾਜ਼ਾਂ ਦਾ ਡਟ ਕੇ ਸਾਹਮਣਾ ਕਰਦਿਆਂ ਸ਼ਾਨਦਾਰ ਸੈਂਕੜਾ ਬਣਾਇਆ। ਸੈਮਸਨ ਨੇ 119 ਦੌੜਾਂ ਦੀ ਪਾਰੀ ਖੇਡੀ। ਆਪਣੀ ਪਾਰੀ ਦੌਰਾਨ ਉਸ ਨੇ 12 ਅਤੇ ਇੱਕ ਛੱਕਾ ਲਗਾਇਆ ਪਰ ਉਹ ਟੀਮ ਨੂੰ ਹਾਰ ਤੋਂ ਨਾ ਬਚਾ ਸਕਿਆ। ਉਹ ਨਿਰਧਾਰਿਤ ਓਵਰਾਂ ਦੀ ਆਖਰੀ ਗੇਂਦ ’ਤੇ ਆਊਟ ਹੋਇਆ। ਟੀਮ ਵੱਲੋਂ ਜੋਸ ਬਟਲਰ ਨੇ 25, ਸ਼ਿਵਮ ਦੂਬੇ ਨੇ 23 ਜਦਕਿ ਰਿਆਨ ਪਰਾਗ ਨੇ 25 ਦੌੜਾਂ ਦਾ ਯੋਗਦਾਨ ਪਾਇਆ। ਪੰਜਾਬ ਵੱਲੋਂ ਗੇਂਦਬਾਜ਼ ਅਰਸ਼ਦੀਪ ਸਿੰਘ 3, ਮੁਹੰਮਦ ਸ਼ੰਮੀ 2 ਵਿਕਟਾਂ ਹਾਸਲ ਕੀਤੀਆਂ ਜਦਕਿ ਜੇ. ਰਿਚਰਡਸਨ ਤੇ ਰਿਲੇ ਮੇਰੇਡਿਥ ਨੂੰ ਇੱਕ-ਇੱਕ ਵਿਕਟ ਮਿਲੀ। ਇਸ ਤੋਂ ਪਹਿਲਾਂ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਰਾਜਸਥਾਨ ਰੌਇਲਜ਼ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਸੱਦਾ ਮਿਲਣ ’ਤੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜਾਬ ਕਿੰਗਜ਼ ਦੀ ਟੀਮ ਨੇ ਨਿਰਧਾਰਿਤ 20 ਓਵਰਾਂ ’ਚ 6 ਵਿਕਟਾਂ ਦੇ ਨੁਕਸਾਨ ’ਤੇ 221 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਕੇ.ਐੱਲ. ਰਾਹੁਲ ਨੇ 50 ਗੇਂਦਾਂ ’ਤੇ 90 ਦੌੜਾਂ ਦੀ ਪਾਰੀ ਖੇਡੀ। ਉਸ ਨੇ ਆਪਣੀ ਪਾਰੀ ਦੌਰਾਨ 7 ਚੌਕੇ ਅਤੇ 5 ਛੱਕੇ ਮਾਰੇ। ਦੀਪਕ ਹੁੱਡਾ ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡਦਿਆਂ 64 ਦੌੜਾਂ ਜਦਕਿ ਕ੍ਰਿਸ ਗੇਲ ਨੇ 40 ਦੌੜਾਂ ਬਣਾਈਆਂ। ਮਯੰਕ ਅਗਰਵਾਲ ਨੇ 14 ਦੌੜਾਂ ਦਾ ਯੋਗਦਾਨ ਪਾਇਆ।