ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈੱਥ ਦੋਇਮ ਦੇ ਪਤੀ ਰਾਜਕੁਮਾਰ ਫ਼ਿਲਿਪ ਦਾ ਦੇਹਾਂਤ ਹੋ ਗਿਆ ਹੈ। ਉਹ 99 ਵਰ੍ਹਿਆਂ ਦੇ ਸਨ। ਫ਼ਿਲਿਪ ਇਸ ਸਾਲ ਮਹੀਨਾ ਹਸਪਤਾਲ ਦਾਖ਼ਲ ਰਹੇ ਸਨ ਤੇ 16 ਮਾਰਚ ਨੂੰ ਹੀ ਵਿੰਡਸਰ ਮਹਿਲ ਪਰਤੇ ਸਨ। ‘ਡਿਊਕ ਆਫ਼ ਐਡਿਨਬਰਾ’ ਦੇ ਨਾਂ ਨਾਲ ਜਾਣੇ ਜਾਂਦੇ ਫ਼ਿਲਿਪ ਨੇ ਐਲਿਜ਼ਾਬੈੱਥ ਨਾਲ ਸੰਨ 1947 ਵਿਚ ਵਿਆਹ ਕਰਵਾਇਆ ਸੀ। ਮੌਜੂਦਾ ਸ਼ਾਸਕ ਦੇ ਪਤੀ ਵਜੋਂ ਬਰਤਾਨਵੀ ਸਮਰਾਜ ’ਚ, ਰਾਜਕੁਮਾਰ ਫ਼ਿਲਿਪ ਸਭ ਤੋਂ ਵੱਧ ਸਮਾਂ ਬਣੇ ਰਹਿਣ ਵਾਲੀ ਸ਼ਖ਼ਸੀਅਤ ਸਨ। 2017 ਵਿਚ ਉਨ੍ਹਾਂ ਲੋਕਾਂ ਨਾਲ ਮਿਲਣਾ-ਜੁਲਣਾ ਬੰਦ ਕਰ ਦਿੱਤਾ ਸੀ। ਫ਼ਿਲਿਪ ਯੂਨਾਨ ਦੇ ਸ਼ਾਹੀ ਪਰਿਵਾਰ ਨਾਲ ਸਬੰਧਤ ਸਨ ਤੇ 1921 ਵਿਚ ਗ੍ਰੀਕ ਟਾਪੂ ‘ਕੋਰਫੂ’ ’ਤੇ ਉਨ੍ਹਾਂ ਦਾ ਜਨਮ ਹੋਇਆ ਸੀ। ਉਹ ਚੰਗੇ ਖਿਡਾਰੀ ਵੀ ਸਨ। ਫ਼ਿਲਿਪ ਦੇ ਚਾਰ ਬੱਚੇ, ਅੱਠ ਪੋਤੇ-ਪੋਤੀਆਂ ਤੇ ਨੌਂ ਪੜਪੋਤੇ-ਪੜਪੋਤਰੀਆਂ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਕੇ ਦੇ ਰਾਜਕੁਮਾਰ ਫ਼ਿਲਿਪ ਦੇ ਦੇਹਾਂਤ ਉਤੇ ਅਫ਼ਸੋਸ ਪ੍ਰਗਟ ਕੀਤਾ ਹੈ। ਮੋਦੀ ਨੇ ਕਿਹਾ ਕਿ ਫ਼ਿਲਿਪ ਨੇ ਫ਼ੌਜ ਵਿਚ ਸ਼ਾਨਦਾਰ ਸੇਵਾਵਾਂ ਦਿੱਤੀਆਂ। ਇਸ ਤੋਂ ਇਲਾਵਾ ਉਹ ਸਮਾਜ ਸੇਵਾ ਦੇ ਕਈ ਕਾਰਜਾਂ ਵਿਚ ਵੀ ਅੱਗੇ ਰਹੇ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵੀ ਰਾਜਕੁਮਾਰ ਫ਼ਿਲਿਪ ਦੀ ਮੌਤ ਉਤੇ ਦੁੱਖ ਦਾ ਪ੍ਰਗਟਾਵਾ ਕੀਤਾ।