ਨਵੀਂ ਦਿੱਲੀ – ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਵੇਖਦੇ ਹੋਏ ਕੇਜਰੀਵਾਲ ਸਰਕਾਰ ਨੇ ਦਿੱਲੀ ਵਿੱਚ ਨਾਈਟ ਕਰਫਿਊ ਲਗਾਉਣ ਦਾ ਐਲਾਨ ਕੀਤਾ ਹੈ। ਦਿੱਲੀ ਵਿੱਚ ਰਾਤ ਨੂੰ 10 ਵਜੇ ਤੋਂ ਲੈ ਕੇ ਸਵੇਰੇ 5 ਵਜੇਂ ਤਕ ਨਾਈਟ ਕਰਫਿਊ ਰਹੇਗਾ। ਇਹ ਹੁਕਮ ਤੁਰੰਤ ਲਾਗੂ ਹੋਵੇਗਾ ਅਤੇ 30 ਅਪ੍ਰੈਲ ਤਕ ਰਹੇਗਾ। ਦਿੱਲੀ ਵਿੱਚ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਦੇ ਮਾਮਲਿਆਂ ਵਿੱਚ ਵਾਧਾ ਹੋ ਰਿਹਾ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਸਰਗਰਮ ਮਾਮਲੇ 607 ਵੱਧ ਕੇ 14,589 ਹੋ ਗਏ ਹਨ। ਇੱਥੇ ਹੁਣ ਤਕ 11,096 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 654277 ਮਰੀਜ਼ ਠੀਕ ਹੋ ਚੁੱਕੇ ਹਨ।ਦਿੱਲੀ ਸਰਕਾਰ ਦੇ ਨਾਈਟ ਕਰਫਿਊ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ, ਇਸ ਦੌਰਾਨ ਟ੍ਰੈਫਿਕ ਮੂਵਮੈਂਟ ਤੇ ਕਿਸੇ ਤਰ੍ਹਾਂ ਦੀ ਕੋਈ ਰੋਕ ਨਹੀਂ ਹੋਵੇਗੀ। ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਨੂੰ ਵੀ ਈ-ਪਾਸ ਰਾਹੀਂ ਹੀ ਮੂਵਮੈਂਟ ਦੀ ਮਨਜ਼ੂਰੀ ਹੋਵੇਗੀ। ਆਈ.ਡੀ. ਕਾਰਡ ਵਿਖਾਉਣ ਤੇ ਪ੍ਰਾਈਵੇਟ ਡਾਕਟਰ, ਨਰਸਾਂ, ਪੈਰਾਮੈਡੀਕਲ ਸਟਾਫ ਨੂੰ ਵੀ ਛੂਟ ਮਿਲੇਗੀ। ਯੋਗ ਟਿਕਟ ਵਿਖਾਉਣ ਤੇ ਏਅਰਪੋਰਟ, ਰੇਲਵੇ ਸਟੇਸ਼ਨ ਅਤੇ ਬੱਸ ਅੱਡਿਆਂ ਤੇ ਆਉਣ-ਜਾਣ ਵਾਲੇ ਯਾਤਰੀਆਂ ਨੂੰ ਛੂਟ ਦਿੱਤੀ ਜਾਵੇਗੀ। ਗਰਭਵਤੀ ਔਰਤਾਂ ਅਤੇ ਇਲਾਜ ਲਈ ਜਾਣ ਵਾਲੇ ਮਰੀਜ਼ਾਂ ਨੂੰ ਛੂਟ ਮਿਲੇਗੀ। ਜੋ ਲੋਕ ਵੈਕਸੀਨ ਲਗਵਾਉਣ ਜਾਣਾ ਚਾਹੁੰਦੇ ਹਨ ਉਨ੍ਹਾਂ ਨੂੰ ਛੂਟ ਹੋਵੇਗੀ ਪਰ ਈ-ਪਾਸ ਲੈਣਾ ਹੋਵੇਗਾ। ਰਾਸ਼ਨ-ਕਿਰਿਆਨਾ, ਫਲ਼-ਸਬਜ਼ੀਆਂ, ਦੁੱਧ, ਦਵਾਈ ਨਾਲ ਜੁੜੇ ਦੁਕਾਨਦਾਰਾਂ ਨੂੰ ਈ-ਪਾਸ ਰਾਹੀਂ ਹੀ ਮੂਵਮੈਂਟ ਦੀ ਛੂਟ ਹੋਵੇਗੀ। ਪਬਲਿਕ ਟ੍ਰਾਂਸਪੋਰਟ ਜਿਵੇਂ- ਬੱਸ, ਦਿੱਲੀ ਮੈਟਰੋ, ਆਟੋ, ਟੈਕਸੀ ਆਦਿ ਨੂੰ ਤੈਅ ਸਮੇਂ ਤੋਂ ਬਾਅਦ ਉਨ੍ਹਾਂ ਹੀ ਲੋਕਾਂ ਨੂੰ ਲਿਆਉਣ ਅਤੇ ਲੈ ਕੇ ਜਾਣ ਦੀ ਮਨਜ਼ੂਰੀ ਹੋਵੇਗੀ, ਜਿਨ੍ਹਾਂ ਨੂੰ ਨਾਈਟ ਕਰਫਿਊ ਦੌਰਾਨ ਛੂਟ ਦਿੱਤੀ ਗਈ ਹੈ। ਜ਼ਰੂਰੀ ਸੇਵਾਵਾਂ ਵਿੱਚ ਲੱਗੇ ਸਾਰੇ ਮਹਿਕਮਿਆਂ ਦੇ ਲੋਕਾਂ ਨੂੰ ਛੂਟ ਦਿੱਤੀ ਜਾਵੇਗੀ।