ਮੁੰਬਈ – ਉੱਘੀ ਅਦਾਕਾਰਾ ਸ਼ਸ਼ੀਕਲਾ ਦਾ ਅੱਜ ਦੇਹਾਂਤ ਹੋ ਗਿਆ। ਉਹ 88 ਵਰ੍ਹਿਆਂ ਦੀ ਸੀ। ਸ਼ਸ਼ੀਕਲਾ ਨੇ 1960-70 ਦੌਰਾਨ ‘ਆਰਤੀ’, ‘ਗੁਮਰਾਹ’ ਤੇ ‘ਛੋਟੇ ਸਰਕਾਰ’ ਜਿਹੀਆਂ ਫ਼ਿਲਮਾਂ ਵਿਚ ਯਾਦਗਾਰੀ ਭੂਮਿਕਾਵਾਂ ਨਿਭਾਈਆਂ। ਮਹਾਰਾਸ਼ਟਰ ਦੇ ਸ਼ੋਲਾਪੁਰ ਵਿਚ ਜਨਮੀ ਸ਼ਸ਼ੀਕਲਾ ਜਾਵਲਕਰ ਨੇ ਪੰਜ ਸਾਲ ਦੀ ਉਮਰ ਤੋਂ ਹੀ ਆਪਣੇ ਸ਼ਹਿਰ ਵਿਚ ਮੰਚ ’ਤੇ ਅਦਾਕਾਰੀ ਸ਼ੁਰੂ ਕਰ ਦਿੱਤੀ ਸੀ। ਵੱਡੇ ਪਰਦੇ ਉਤੇ ਕਰੀਅਰ ਦੀ ਸ਼ੁਰੂਆਤ ਸ਼ਸ਼ੀਕਲਾ ਨੇ 1945 ਵਿਚ ਆਈ ਫ਼ਿਲਮ ‘ਜ਼ੀਨਤ’ ਤੋਂ ਕੀਤੀ। ਸ਼ਸ਼ੀਕਲਾ ਨੇ ਛੇ ਦਹਾਕਿਆਂ ਦੇ ਕਰੀਅਰ ਵਿਚ 100 ਤੋਂ ਵੱਧ ਫ਼ਿਲਮਾਂ ਵਿਚ ਕੰਮ ਕੀਤਾ। ਉਨ੍ਹਾਂ ਵੀ. ਸ਼ਾਂਤਾਰਾਮ ਦੀਆਂ ਫ਼ਿਲਮਾਂ ਵਿਚ ਵੀ ਅਦਾਕਾਰੀ ਕੀਤੀ। ਬਿਮਲ ਰੌਏ ਦੀ ਫ਼ਿਲਮ ‘ਸੁਜਾਤਾ’ ਤੋਂ ਸ਼ਸ਼ੀਕਲਾ ਨੇ ਕਾਫ਼ੀ ਪ੍ਰਸਿੱਧੀ ਖੱਟੀ।