ਮੁੰਬਈ – ਮਾਧੁਰੀ ਦੀਕਸ਼ਿਤ ਦੇ ਡਾਂਸ ਸ਼ੋਅ ‘ਡਾਂਸ ਦੀਵਾਨੇ 3’ ਸ਼ੋਅ ਦੇ ਸੈਟ ਤੇ ਕੋਵਿਡ-19 ਦਾ ਹਮਲਾ ਹੋਇਆ ਹੈ, ਜਿਸ ਦੇ ਚਲਦਿਆਂ 18 ਕਰਿਊ ਮੈਂਬਰਾਂ ਦੀ ਕੋਵਿਡ-19 ਰਿਪੋਰਟ ਪਾਜ਼ੇਟਿਵ ਆਈ ਹੈ। ਮੁੰਬਈ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਤੇ ਇਸ ਦਾ ਅਸਰ ਮਨੋਰੰਜਨ ਜਗਤ ਤੇ ਵੀ ਦਿਖਾਈ ਦੇਣ ਲੱਗਾ ਹੈ।ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ ਦੇ ਮੁਖੀ ਅਸ਼ੋਕ ਦੁਬੇ ਦੇ ਬਿਆਨ ਮੁਤਾਬਕ ਇਸ ਹਫਤੇ ਸ਼ੂਟ ਸ਼ੁਰੂ ਹੋਣ ਤੋਂ ਪਹਿਲਾਂ ਕਰਿਊ ਦੇ 18 ਮੈਂਬਰ ਕੋਵਿਡ-19 ਪਾਜ਼ੇਟਿਵ ਨਿਕਲੇ ਸਨ। ਮਾਧੁਰੀ ਦੀਕਸ਼ਿਤ ਤੇ ਦੂਜੇ ਜੱਜ ਠੀਕ ਹਨ। ਜਿਨ੍ਹਾਂ ਕਰਿਊ ਮੈਂਬਰਾਂ ਦਾ ਟੈਸਟ ਪਾਜ਼ੇਟਿਵ ਆਇਆ ਹੈ, ਉਨ੍ਹਾਂ ਵਿੱਚ ਸੈੱਟ ਤੇ ਕੰਮ ਕਰਨ ਵਾਲੇ, ਲਾਈਟਮੈਨ, ਕੈਮਰਾ ਆਪਰੇਟਰ, ਸਹਾਇਕ ਨਿਰਦੇਸ਼ਕ, ਸਹਾਇਕ ਕਲਾ ਨਿਰਦੇਸ਼ਕ ਤੇ ਕੁਝ ਮੁਕਾਬਲੇਬਾਜ਼ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਸ਼ੋਅ ਦਾ ਅਗਲਾ ਸ਼ੂਟ 5 ਅਪ੍ਰੈਲ ਨੂੰ ਹੈ, ਜੋ ਤੈਅ ਸ਼ੈਡਿਊਲ ਮੁਤਾਬਕ ਹੋਵੇਗਾ। ਸ਼ੋਅ ਨੂੰ ਮਾਧੁਰੀ ਦੇ ਨਾਲ ਤੁਸ਼ਾਰ ਕਾਲੀਆ ਤੇ ਧਰਮੇਸ਼ ਯੇਲਾਂਡੇ ਜੱਜ ਕਰਦੇ ਹਨ, ਜਦਕਿ ਰਾਘਵ ਜੁਯਾਲ ਹੋਸਟ ਹਨ। ‘ਡਾਂਸ ਦੀਵਾਨੇ’ ਸ਼ੋਅ ਨਾਲ ਸਬੰਧਤ ਕੁਝ ਕਰਿਊ ਮੈਂਬਰਾਂ ਦਾ ਕੋਵਿਡ-19 ਟੈਸਟ ਪਾਜ਼ੇਟਿਵ ਆਇਆ ਹੈ। ਉਨ੍ਹਾਂ ਨੂੰ ਤੁਰੰਤ ਮੈਡੀਕਲ ਸਹਾਇਤਾ ਦਿੱਤੀ ਗਈ ਹੈ ਅਤੇ ਸਾਰੇ ਫਿਲਹਾਲ ਇਕਾਂਤਵਾਸ ਵਿੱਚ ਹਨ। ਜ਼ਰੂਰੀ ਸੁਰੱਖਿਆ ਇੰਤਜ਼ਾਮ ਕੀਤੇ ਜਾ ਰਹੇ ਹਨ। ਸੈੱਟ ਤੇ ਆਲੇ-ਦੁਆਲੇ ਵਾਲੀਆਂ ਥਾਵਾਂ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ।