ਕੈਲੀਫੋਰਨੀਆ – ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਸੋਮਵਾਰ ਨੂੰ ਘੋਸ਼ਣਾ ਕਰਦਿਆਂ ਕਿਹਾ ਕਿ ਸਾਰੇ ਅਮਰੀਕੀ ਬਾਲਗਾਂ ਵਿੱਚੋਂ 90% 19 ਅਪ੍ਰੈਲ ਤੱਕ ਕੋਵਿਡ -19 ਟੀਕੇ ਲਈ ਯੋਗ ਹੋ ਜਾਣਗੇ, ਜੋ ਕਿ ਪਹਿਲਾਂ ਨਿਰਧਾਰਤ ਕੀਤੇ ਗਏ ਟੀਚੇ ਤੋਂ ਲੱਗਭਗ ਦੋ ਹਫ਼ਤੇ ਪਹਿਲਾਂ ਹੈ। ਇਸਦੇ ਨਾਲ ਹੀ ਬਾਈਡੇਨ ਨੇ ਲੋਕਾਂ ਨੂੰ ਵਾਇਰਸ ਦੀਆਂ ਸਾਵਧਾਨੀਆਂ ਪ੍ਰਤੀ ਢਿੱਲ ਨਾਂ ਵਰਤਣ ਦੀ ਵੀ ਅਪੀਲ ਕੀਤੀ ਹੈ। ਬਾਈਡੇਨ ਨੇ ਅਮਰੀਕੀਆਂ ਨੂੰ ਤਾਕੀਦ ਕੀਤੀ ਕਿ ਉਹ ਵਾਇਰਸ ਪ੍ਰਤੀ ਉਪਾਅ ਘੱਟ ਨਾ ਕਰਨ ਅਤੇ ਇਸਦੇ ਨਾਲ ਹੀ ਗਵਰਨਰਾਂ ਅਤੇ ਸਥਾਨਕ ਅਧਿਕਾਰੀਆਂ ਨੂੰ ਮਾਸਕ ਪਹਿਣਨ ਦੀ ਜਰੂਰਤ ਨੂੰ ਫਿਰ ਤੋਂ ਬਹਾਲ ਕਰਨ ਦੀ ਬੇਨਤੀ ਕੀਤੀ ਹੈ।ਬਾਈਡੇਨ ਪ੍ਰਸ਼ਾਸਨ ਅਨੁਸਾਰ ਅਮਰੀਕਾ ਵਿੱਚ 100 ਮਿਲੀਅਨ ਟੀਕੇ ਦੀਆਂ ਖੁਰਾਕਾਂ ਉਸ ਦੇ 100 ਦਿਨ ਦੇ ਮਿੱਥੇ ਹੋਏ ਟੀਚੇ ਤੋਂ ਪਹਿਲਾਂ ਲਗਾਈਆਂ ਗਈਆਂ ਹਨ,ਇਸ ਲਈ ਇਸ ਟੀਚੇ ਨੂੰ 200 ਮਿਲੀਅਨ ਖੁਰਾਕਾਂ ਨਾਲ ਦੁੱਗਣਾ ਕੀਤਾ ਗਿਆ ਹੈ। ਸੀ ਡੀ ਸੀ ਦੇ ਅਨੁਸਾਰ ਹੁਣ ਤੱਕ 145 ਮਿਲੀਅਨ ਤੋਂ ਵੱਧ ਟੀਕੇ ਦੀਆਂ ਖੁਰਾਕਾਂ ਲਗਾਈਆਂ ਜਾ ਚੁੱਕੀਆਂ ਹਨ। ਵਧੇਰੇ ਅਮਰੀਕੀਆਂ ਨੂੰ ਟੀਕੇ ਤੱਕ ਪਹੁੰਚਣ ਵਿੱਚ ਸਹਾਇਤਾ ਲਈ, ਬਾਈਡੇਨ ਨੇ ਕਿਹਾ ਕਿ ਉਹ ਕੋਵਿਡ ਟੀਮ ਨੂੰ ਸਾਰੇ ਅਮਰੀਕੀਆਂ ਦੇ 5 ਮੀਲ ਦੇ ਅੰਦਰ ਟੀਕਾਕਰਨ ਦੀਆਂ ਥਾਵਾਂ ਖੋਲ੍ਹਣ ਲਈ ਨਿਰਦੇਸ਼ ਦੇ ਰਹੇ ਹਨ। ਵ੍ਹਾਈਟ ਹਾਊਸ ਵੀ ਉਨ੍ਹਾਂ ਫਾਰਮੇਸੀਆਂ ਦੀ ਗਿਣਤੀ ਵਧਾ ਰਿਹਾ ਹੈ, ਜੋ ਟੀਕੇ ਦਾ ਪ੍ਰਬੰਧ ਕਰ ਸਕਦੀਆਂ ਹਨ।