ਨਵੀਂ ਦਿੱਲੀ – ਕਾਂਗਰਸ ਦੇ ਸੀਨੀਅਰ ਆਗੂ ਸ਼ਸ਼ੀ ਥਰੂਰ ਨੇ ਅੱਜ ਕਿਹਾ ਕਿ ਭਾਜਪਾ ਸਿਰਫ਼ ਫਿਰਕਾਪ੍ਰਸਤੀ ਤੇ ‘ਲਵ ਜਹਾਦ’ ਦਾ ਡਰ ਫੈਲਾਉਣ ਦਾ ਕੰਮ ਅਤੇ ਲੋਕਾਂ ਨੂੰ ਵੰਡਣ ਵਾਲੀ ਨਫ਼ਰਤ ਦੀ ਰਾਜਨੀਤੀ ਕਰ ਸਕਦੀ ਹੈ ਜਿਸ ਦਾ ਕੇਰਲਾ ’ਚ ਕੋਈ ਅਸਰ ਨਹੀਂ ਹੋਣ ਜਾ ਰਿਹਾ। ਉਨ੍ਹਾਂ ਕਿਹਾ ਕਿ ਭਾਜਪਾ ’ਚ ਸ਼ਾਮਲ ਹੋਏ 88 ਸਾਲਾ ਈ ਸ੍ਰੀਧਰਨ ਸੂਬੇ ਦੇ ਸਿਆਸੀ ਭਵਿੱਖ ਦਾ ਜਵਾਬ ਨਹੀਂ ਹੋ ਸਕਦੇ। ਥਰੂਰ ਨੇ ਇਨ੍ਹਾਂ ਸੁਝਾਵਾਂ ਨੂੰ ਵੀ ਖਾਰਜ ਕਰ ਦਿੱਤਾ ਕਿ ਕੇਰਲਾ ਵਿਧਾਨ ਸਭਾ ਚੋਣਾਂ ’ਚ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਨਾ ਹੋਣ ਨਾਲ ਕਾਂਗਰਸ ਦੀ ਅਗਵਾਈ ਹੇਠਲੇ ਯੂਨਾਈਟਿਡ ਡੈਮੋਕਰੈਟਿਕ ਫਰੰਟ (ਯੂਡੀਐੱਫ) ਦੀ ਜਿੱਤ ਦੀ ਸੰਭਾਵਨਾ ਘੱਟ ਹੈ। ਉਨ੍ਹਾਂ ਕਿਹਾ ਕਿ ਪਾਰਟੀ ’ਚ ਕਈ ਤਜਰਬੇਕਾਰ ਤੇ ਸਮਰੱਥ ਆਗੂ ਹਨ ਜਿਨ੍ਹਾਂ ’ਚੋਂ ਕੋਈ ਵੀ ਮੁੱਖ ਮੰਤਰੀ ਦਾ ਅਹੁਦਾ ਸੰਭਾਲ ਸਕਦਾ ਹੈ। ਉਨ੍ਹਾਂ ਕਿਹਾ ਕਿ ਕੇਰਲਾ ’ਚ ਹਵਾ ਦਾ ਰੁਖ਼ ਸਪੱਸ਼ਟ ਤੌਰ ’ਤੇ ਯੂਡੀਐੱਫ ਦੇ ਪੱਖ ’ਚ ਹੈ ਅਤੇ ਦੋ ਮਈ ਨੂੰ ਚੋਣ ਨਤੀਜਿਆਂ ਦਾ ਐਲਾਨ ਹੋਣ ਵਾਲੇ ਦਿਨ ਉਹ ਵੱਡੀ ਜਿੱਤ ਦੀ ਉਮੀਦ ਕਰਦੇ ਹਨ। ਚੋਣਾਂ ’ਚ ਭਾਜਪਾ ਵੱਲੋਂ ਮੈਟਰੋਮੈਨ ਈ ਸ੍ਰੀਧਰਨ ਨੂੰ ਮੁੱਖ ਸ਼ਖਸੀਅਤ ਵਜੋਂ ਪੇਸ਼ ਕਰਨ ਬਾਰੇ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਭਾਜਪਾ ਸਿਰਫ਼ ਫਿਰਕਾਪ੍ਰਸਤੀ ਫੈਲਾ ਸਕਦੀ ਹੈ, ‘ਲਵ ਜਹਾਦ’ ਦਾ ਡਰ ਫੈਲਾਉਣ ਦਾ ਕੰਮ ਕਰ ਸਕਦੀ ਹੈ ਅਤੇ ਲੋਕਾਂ ਨੂੰ ਵੰਡਣ ਵਾਲੀ ਨਫਰਤ ਭਰੀ ਸਿਆਸਤ ਕਰ ਸਕਦੀ ਹੈ, ਜੋ ਕੇਰਲਾ ਸਮੇਤ ਬਹੁਲਵਾਦੀ ਸਮਾਜ ’ਚ ਨਹੀਂ ਚੱਲ ਸਕਦੀ।