ਕੋਲਕਾਤਾ – ਪੱਛਮੀ ਬੰਗਾਲ ’ਚ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ’ਚ 30 ’ਚੋਂ 26 ਸੀਟਾਂ ’ਤੇ ਭਾਜਪਾ ਦੀ ਜਿੱਤ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦਾਅਵੇ ਨੂੰ ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ ਨੇ ਅੱਜ ਖਾਰਜ ਕਰਦਿਆਂ ਕਿਹਾ ਕਿ ਵੋਟਾਂ ਦੀ ਗਿਣਤੀ ਤੋਂ ਬਾਅਦ ਲੋਕ ਫਤਵਾ ਸਾਹਮਣੇ ਆ ਹੀ ਜਾਵੇਗਾ। ਮਮਤਾ ਬੈਨਰਜੀ ਨੇ ਹਾਲਾਂਕਿ ਅਮਿਤ ਸ਼ਾਹ ਦਾ ਨਾਂ ਨਹੀਂ ਲਿਆ ਪਰ ਉਨ੍ਹਾਂ ਸਵਾਲ ਕੀਤਾ ਕਿ ਚੋਣਾਂ ਤੋਂ ਸਿਰਫ਼ ਇੱਕ ਦਿਨ ਬਾਅਦ ਹੀ ਅਜਿਹਾ ਦਾਅਵਾ ਕਿਵੇਂ ਕੀਤਾ ਜਾ ਸਕਦਾ ਹੈ। ਮੁੱਖ ਮੰਤਰੀ ਨੇ ਨੰਦੀਗ੍ਰਾਮ ਨਾਲ ਲੱਗਦੇ ਚੰਡੀਪੁਰ ਵਿਧਾਨ ਸਭਾ ਹਲਕੇ ’ਚ ਇੱਕ ਚੋਣ ਰੈਲੀ ਦੌਰਾਨ ਕਿਹਾ, ‘ਇੱਕ ਨੇਤਾ ਨੇ ਅੱਜ ਕਿਹਾ ਕਿ ਭਾਜਪਾ ਪਹਿਲੇ ਗੇੜ ਦੀਆਂ 30 ’ਚੋਂ 26 ਸੀਟਾਂ ’ਤੇ ਜਿੱਤ ਦਰਜ ਕਰੇਗੀ, ਸਾਰੀਆਂ ਸੀਟਾਂ ’ਤੇ ਦਾਅਵਾ ਕਿਉਂ ਨਹੀਂ ਕਰ ਦਿੱਤਾ। ਕੀ ਉਨ੍ਹਾਂ ਬਾਕੀ ਸੀਟਾਂ ਕਾਂਗਰਸ ਤੇ ਸੀਪੀਐੱਮ ਲਈ ਛੱਡ ਦਿੱਤੀਆਂ ਹਨ।’ ਮਮਤਾ ਨੇ ਕਿਹਾ ਕਿ ਉਹ ਕਿਸੇ ਤਰ੍ਹਾਂ ਦਾ ਅਨੁਮਾਨ ਨਹੀਂ ਲਾਉਣਗੇ। ਉਨ੍ਹਾਂ ਕਿਹਾ ਕਿ ਇਹ ਜਨਤਾ ਦਾ ਫ਼ੈਸਲਾ ਹੈ ਜੋ ਵੋਟਾਂ ਦੀ ਗਿਣਤੀ ਮਗਰੋਂ ਪਤਾ ਲੱਗ ਜਾਵੇਗਾ। ਉਨ੍ਹਾਂ ਕਿਹਾ, ‘ਕਿਉਂਕਿ 84 ਫੀਸਦ ਵੋਟਿੰਗ ਹੋਈ ਹੈ, ਮੈਂ ਅੰਦਾਜ਼ਾ ਲਗਾ ਸਕਦੀ ਹਾਂ ਕਿ ਲੋਕਾਂ ਨੇ ਸਾਡੇ ਪੱਖ ’ਚ ਵੋਟ ਪਾਈ ਹੈ।’ ਮਮਤਾ ਬੈਨਰਜੀ ਨੇ ਲੋਕਾਂ ਨੂੰ ਭੁੱਲ ਜਾਣ ਲਈ ਕਿਹਾ ਕਿ ਕਿਸੇ ਸੀਟ ਤੋਂ ਟੀਐੱਮਸੀ ਦਾ ਉਮੀਦਵਾਰ ਕੌਣ ਹੈ। ਉਨ੍ਹਾਂ ਕਿਹਾ ਕਿ ਹਰ ਸੀਟ ਤੋਂ ਪਾਰਟੀ ਦੀ ਉਮੀਦਵਾਰ ਉਹੀ ਹੈ। ਉਨ੍ਹਾਂ ਪਾਰਟੀ ਦੇ ਪੋਲਿੰਗ ਏਜੰਟਾਂ ਨੂੰ ਕਿਹਾ ਕਿ ਉਹ ਕਿਸੇ ਵੀ ਹਾਲਤ ’ਚ ਬੂਥ ਨਾ ਛੱਡਣ।