ਸਰੀ – ਬੀਸੀ ਵਿਚ ਕੋਵਿਡ-19 ਨਾਲ ਪ੍ਰਭਾਵਿਤ ਨੌਜਵਾਨਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ, ਵੱਡੀ ਗਿਣਤੀ ਵਿਚ ਨੌਜਵਾਨ ਬੀਮਾਰ ਵੀ ਹੋ ਰਹੇ ਹਨ ਅਤੇ ਕਈਆਂ ਜਾਨਾਂ ਵੀ ਜਾ ਚੁੱਕੀਆਂ ਹਨ। ਇਹ ਪ੍ਰਗਟਾਵਾ ਕਰਦਿਆਂ ਬੀ.ਸੀ. ਦੀ ਸੂਬਾਈ ਸਿਹਤ ਅਫ਼ਸਰ ਡਾ. ਬੌਨੀ ਹੈਨਰੀ ਨੇ ਦੱਸਿਆ ਹੈ ਕਿ ਖਾਸ ਤੌਰ ਤੇ 20 ਤੋਂ 39 ਸਾਲ ਦੀ ਉਮਰ ਵਾਲੇ ਨੌਜਵਾਨਾਂ ਵਿਚ ਕੋਰੋਨਾ ਦੇ ਕੇਸ ਤੇਜ਼ੀ ਨਾਲ ਵਧ ਰਹੇ ਹਨ।ਡਾ. ਹੈਨਰੀ ਨੇ ਕੋਵਿਡ-19 ਦੀ ਤਾਜ਼ਾ ਸਥਿਤੀ ਬਾਰੇ ਦਸਦਿਆਂ ਕਿਹਾ ਕਿ ਪਿਛਲੇ ਤਿੰਨ ਦਿਨਾਂ ਦੌਰਾਨ 1,785 ਨਵੇਂ ਕੇਸ ਸਾਹਮਣੇ ਆਏ ਹਨ ਅਤੇ 16 ਕੋਰੋਨਾ ਪੀੜਤਾਂ ਦੀ ਮੌਤ ਹੋ ਗਈ ਹੈ। ਇਸ ਸਮੇਂ ਬੀ.ਸੀ. ਵਿਚ ਇਸ ਵਾਇਰਸ ਦੇ 5,290 ਐਕਟਿਵ ਕੇਸ ਹਨ, 303 ਲੋਕ ਹਸਪਤਾਲਾਂ ਵਿਚ ਦਾਖ਼ਲ ਹਨ, ਜਿਨ੍ਹਾਂ ਵਿੱਚੋਂ 80 ਆਈ.ਸੀ.ਯੂ. ਵਿਚ ਜ਼ੇਰੇ-ਇਲਾਜ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਸੂਬੇ ਵਿਚ ਕੋਵਿਡ-19 ਦੇ ਨਵੇਂ ਵੇਰੀਐਂਟਸ ਦੇ 166 ਕੇਸ ਹੋਰ ਆਏ ਹਨ ਜਿਨ੍ਹਾਂ ਵਿਚ 1,240 ਕੇਸ ਯੂ.ਕੇ. ਵੇਰੀਐਂਟ ਦੇ ਹਨ ਅਤੇ 41 ਮਾਮਲੇ ਦੱਖਣੀ ਅਫਰੀਕਾ ਵੇਰੀਐਂਟ ਨਾਲ ਸਬੰਧਤ ਹਨ।ਵੈਕਸੀਨ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਸੂਬੇ ਵਿਚ ਹੁਣ ਤੱਕ ਵੈਕਸੀਨ ਦੀਆਂ 5,39,408 ਖੁਰਾਕਾਂ ਪ੍ਰਦਾਨ ਕੀਤੀਆਂ ਜਾ ਚੁੱਕੀਆਂ ਹਨ ਅਤੇ 87,161 ਲੋਕਾਂ ਨੂੰ ਵੈਕਸੀਨ ਦੀ ਦੂਜੀ ਖੁਰਾਕ ਵੀ ਦਿੱਤੀ ਜਾ ਚੁੱਕੀ ਹੈ।