ਮੁੱਖ ਸਕੱਤਰ ਵੱਲੋਂ 116 ਸੜਕਾਂ ਦੀ ਅਪਗ੍ਰੇਡੇਸ਼ਨ ਅਤੇ 22 ਪੁਲਾਂ ਦੀ ਉਸਾਰੀ ਨੂੰ ਹਰੀ ਝੰਡੀ
ਚੰਡੀਗੜ – ਸੂਬੇ ਦੇ ਪੇਂਡੂ ਖੇਤਰਾਂ ਵਿੱਚ ਸੜਕੀ ਨੈੱਟਵਰਕ ਅਤੇ ਪੁਲਾਂ ਨੂੰ ਹੋਰ ਮਜਬੂਤ ਬਣਾਉਣ ਲਈ ਪੰਜਾਬ ਸਰਕਾਰ ਨੇ 116 ਸੜਕਾਂ ਦੇ ਨਵੀਨੀਕਰਨ ਅਤੇ 22 ਪੁਲਾਂ ਦੇ ਨਿਰਮਾਣ ਸਬੰਧੀ ਪ੍ਰਾਜੈਕਟ ਨੂੰ ਪ੍ਰਵਾਨਗੀ ਦੇ ਦਿੱਤੀ ਹੈ।ਇਸ ਪ੍ਰਮੁੱਖ ਪ੍ਰਾਜੈਕਟ ਨਾਲ ਸੂਬੇ ਵਿੱਚ ਪਿੰਡਾਂ ਦਾ ਹਸਪਤਾਲਾਂ, ਸਕੂਲਾਂ ਅਤੇ ਮੰਡੀਆਂ ਨਾਲ ਸੰਪਰਕ ਹੋਰ ਵਧੇਗਾ।ਇਸ ਪ੍ਰਾਜੈਕਟ ਨਾਲ ਪੰਜਾਬ ਕੇਂਦਰ ਸਰਕਾਰ ਵੱਲੋਂ ਪੀ.ਐੱਮ.ਜੀ.ਐੱਸ.ਵਾਈ.-3 ਪ੍ਰੋਜੈਕਟ ਨੂੰ ਲਾਗੂ ਕਰਨ ਸਿਖ਼ਰਲੇ 13 ਸੂਬਿਆਂ ਵਿਚੋਂ ਇਕ ਬਣ ਗਿਆ ਹੈ।ਇਹ ਫੈਸਲਾ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਦੀ ਪ੍ਰਧਾਨਗੀ ਹੇਠ ਪੀ.ਐਮ.ਜੀ.ਐੱਸ.ਵਾਈ -3 ਲਈ ਰਾਜ ਪੱਧਰੀ ਸਥਾਈ ਕਮੇਟੀ (ਐਸ.ਐਲ.ਐਸ.ਸੀ.) ਦੀ ਹੋਈ ਮੀਟਿੰਗ ਦੌਰਾਨ ਲਿਆ ਗਿਆ।ਮੁੱਖ ਸਕੱਤਰ ਨੇ ਦੱਸਿਆ ਕਿ ਕਮੇਟੀ ਨੇ 116 ਸੜਕਾਂ (ਕੁੱਲ ਲੰਬਾਈ 1121 ਕਿਲੋਮੀਟਰ) ਦੇ ਨਵੀਨੀਕਰਨ ਅਤੇ 22 ਪੁਲਾਂ ਦੀ ਉਸਾਰੀ ਨੂੰ ਮਨਜੂਰੀ ਦੇ ਦਿੱਤੀ ਹੈ। ਉਹਨਾਂ ਅੱਗੇ ਦੱਸਿਆ ਕਿ ਇਸ ਸੂਚੀ ਵਿੱਚ 10 ਜਿਲਿਆਂ, ਲੁਧਿਆਣਾ, ਐਸ.ਬੀ.ਐੱਸ. ਨਗਰ (ਨਵਾਂ ਸਹਿਰ), ਮੁਕਤਸਰ, ਫਿਰੋਜਪੁਰ, ਕਪੂਰਥਲਾ, ਪਠਾਨਕੋਟ, ਗੁਰਦਾਸਪੁਰ, ਅੰਮਿ੍ਰਤਸਰ, ਮਾਨਸਾ, ਤਰਨ ਤਾਰਨ, ਦੇ 69 ਬਲਾਕ ਸ਼ਾਮਲ ਹਨ। ਇਸ ਪ੍ਰਾਜੈਕਟ ਦੀ ਅਨੁਮਾਨਤ ਲਾਗਤ 850 ਕਰੋੜ ਰੁਪਏ ਹੈ।ਪਿੰਡਾਂ ਦੇ ਸਸ਼ਕਤੀਕਰਨ ਅਤੇ ਸਰਬਪੱਖੀ ਵਿਕਾਸ ਵਿੱਚ ਸੜਕਾਂ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਸ੍ਰੀਮਤੀ ਵਿਨੀ ਮਹਾਜਨ ਨੇ ਇਸ ਪ੍ਰਾਜੈਕਟ ਨੂੰ ਅਸਰਦਾਰ ਢੰਗ ਨਾਲ ਲਾਗੂ ਕਰਨ ਸਬੰਧੀ ਸਬੰਧਤ ਵਿਭਾਗ ਨੂੰ ਨਿਰਦੇਸ਼ ਵੀ ਦਿੱਤੇ।ਇਸ ਮੀਟਿੰਗ ਵਿੱਚ ਵਧੀਕ ਮੁੱਖ ਸਕੱਤਰ (ਵਿਕਾਸ) ਸ੍ਰੀ ਅਨਿਰੁਧ ਤਿਵਾੜੀ, ਵਧੀਕ ਮੁੱਖ ਸਕੱਤਰ ਪੇਂਡੂ ਵਿਕਾਸ ਤੇ ਪੰਚਾਇਤਾਂ ਸੀਮਾ ਜੈਨ, ਪ੍ਰਮੁੱਖ ਸਕੱਤਰ (ਵਿੱਤ) ਕੇ.ਏ.ਪੀ ਸਿਨਹਾ, ਪ੍ਰਮੁੱਖ ਸਕੱਤਰ ਲੋਕ ਨਿਰਮਾਣ ਵਿਭਾਗ ਸ੍ਰੀ ਵਿਕਾਸ ਪ੍ਰਤਾਪ ਅਤੇ ਲੋਕ ਨਿਰਮਾਣ ਵਿਭਾਗ ਦੇ ਹੋਰ ਅਧਿਕਾਰੀ ਸ਼ਾਮਲ ਸਨ।