ਹਕੂਮਤਾਂ ਵੱਲੋਂ ਸਮੇਂ ਸਮੇਂ ਧਾਰਮਿਕ ਅਜ਼ਾਦੀ ’ਤੇ ਹਮਲੇ ਦੇਸ਼ ਲਈ ਸਦਾ ਨੁਕਸਾਨਦੇਹ ਰਹੇ -ਗਿਆਨੀ ਹਰਪ੍ਰੀਤ ਸਿੰਘ
ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਵਿਖੇ ਵਿਸ਼ਾਲ ਗੁਰਮਤਿ ਸਮਾਗਮ ਦੌਰਾਨ ਹਜ਼ਾਰਾਂ ਸੰਗਤਾਂ ਨੇ ਸ਼ਿਰਕਤ ਕੀਤੀ, ਜਦਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਬਾਬਾ ਅਵਤਾਰ ਸਿੰਘ ਸੁਰਸਿੰਘ ਮੁੱਖੀ ਦਲ ਬਾਬਾ ਬਿਧੀ ਚੰਦ, ਪਦਮਸ੍ਰੀ ਬਾਬਾ ਸੇਵਾ ਸਿੰਘ ਖਡੂਰ ਸਾਹਿਬ, ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਤੇ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੰਗਤ ਨਾਲ ਵਿਚਾਰ ਸਾਂਝੇ ਕੀਤੇ।ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜਿਥੇ ਗੁਰੂ ਸਾਹਿਬ ਦੇ ਜੀਵਨ ਇਤਿਹਾਸ ਅਤੇ ਉਨ੍ਹਾਂ ਦੇ ਫ਼ਲਸਫੇ ਤੋਂ ਸੰਗਤ ਨੂੰ ਜਾਣੂ ਕਰਵਾਇਆ, ਉਥੇ ਹੀ ਸਮੇਂ ਸਮੇਂ ਹਕੂਮਤਾਂ ਵੱਲੋਂ ਘਟਗਿਣਤੀਆਂ ਨੂੰ ਦਬਾਉਣ ਲਈ ਚਲੀਆਂ ਜਾਂਦੀਆਂ ਚਾਲਾਂ ਨੂੰ ਦੇਸ਼ ਲਈ ਘਾਤਕ ਦੱਸਿਆ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸਮੁੱਚਾ ਜੀਵਨ ਮਨੁੱਖਤਾ ਲਈ ਪ੍ਰੇਰਣਾ ਸਰੋਤ ਅਤੇ ਉਨ੍ਹਾਂ ਦੀ ਸ਼ਹਾਦਤ ਸੰਸਾਰ ਅੰਦਰ ਵਿਲੱਖਣ ਅਤੇ ਅਦੁੱਤੀ ਹੈ। ਉਨ੍ਹਾਂ ਆਖਿਆ ਕਿ ਜਦੋਂ ਗੁਰੂ ਸਾਹਿਬ ਜੀ ਦੀ ਪਾਵਨ ਸ਼ਹਾਦਤ ਹੋਈ ਉਸ ਸਮੇਂ ਔਰੰਗਜ਼ੇਬ ਖਾਸ ਨੀਤੀ ਤਹਿਤ ਗੈਰ ਮੁਸਲਮਾਨਾਂ ਨੂੰ ਦਬਾ ਰਿਹਾ ਸੀ। ਇਸੇ ਜਬਰੀ ਧਰਮ ਪ੍ਰਵਰਤਨ ਦੀ ਨੌਵੇਂ ਪਾਤਸ਼ਾਹ ਨੇ ਸਖ਼ਤ ਵਿਰੋਧਤਾ ਕੀਤੀ ਅਤੇ ਮਨੁੱਖੀ ਹੱਕਾਂ ਦੀ ਰਖਵਾਲੀ ਲਈ ਆਪਣੀ ਸ਼ਹਾਦਤ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਵੀ ਦੇਸ਼ ਦੇ ਹਾਲਾਤ ਅਜਿਹਾ ਹੀ ਦ੍ਰਿਸ਼ ਪੇਸ਼ ਕਰ ਰਹੇ ਹਨ। ਅੱਜ ਦੇ ਹਾਕਮ ਇਕ ਧਰਮ ਦਾ ਰਾਸ਼ਟਰ ਬਣਾਉਣ ਦੀ ਨੀਤੀ ’ਤੇ ਹੀ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੀ ਨੀਤੀ ਦੇਸ਼ ਲਈ ਹਮੇਸ਼ਾ ਨੁਕਸਾਨਦੇਹ ਰਹੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਦੇਸ਼ ਅੰਦਰ ਵੱਖ-ਵੱਖ ਧਰਮਾਂ, ਰੀਤੀ ਰਿਵਾਜਾਂ ਅਤੇ ਫਿਰਕਿਆਂ ਦੇ ਲੋਕ ਵੱਸਦੇ ਹਨ, ਜਿਨ੍ਹਾਂ ਦੀ ਧਾਰਮਿਕ ਅਜ਼ਾਦੀ ਅਤੇ ਹੱਕ ਹਕੂਕ ਗੁਰੂ ਸਾਹਿਬ ਵੱਲੋਂ ਦਿਖਾਏ ਮਾਰਗ ਅਨੁਸਾਰ ਸੁਰੱਖਿਅਤ ਰਹਿਣੇ ਚਾਹੀਦੇ ਹਨ। ਉਨ੍ਹਾਂ ਨੌਵੇਂ ਪਾਤਸ਼ਾਹ ਜੀ ਦੇ ਫਲਸਫੇ ਦੀ ਗੱਲ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਨੇ ਤਿਆਗ ਅਤੇ ਬੈਰਾਗ ਦੀ ਨਵੀਂ ਪ੍ਰੀਭਾਸ਼ਾ ਕਾਇਮ ਕੀਤੀ, ਜਿਸ ਨੇ ਸਮਾਜ ਅੰਦਰ ਰਹਿੰਦਿਆਂ ਨਿਰਲੇਪ ਜੀਵਨ ਜਿਊਣ ਲਈ ਪ੍ਰੇਰਿਆ।ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਸਮਾਜ ਦੀ ਬੇਹਤਰੀ ਲਈ ਜੋ ਮਾਰਗ ਦਰਸ਼ਨ ਦਿੱਤਾ, ਉਹ ਦੁਨੀਆਂ ਦੇ ਧਾਰਮਿਕ ਇਤਿਹਾਸ ਅੰਦਰ ਅਸਲੋਂ ਨਿਵੇਕਲਾ ਹੈ। ਸਿੱਖ ਵਿਚਾਰਧਾਰਾ ਵਿਚ ਨੌਵੇਂ ਪਾਤਸ਼ਾਹ ਜੀ ਦਾ ਮਨੁੱਖਤਾ ਨੂੰ ਉੱਚਾ ਚੁੱਕਣ ਵਾਲਾ ਫਲਸਫਾ ਸਾਡੀ ਅਗਵਾਈ ਕਰਦਾ ਹੈ। ਅਸੀਂ ਕਿਸ ਤਰ੍ਹਾਂ ਹਰ ਧਰਮ ਦੇ ਲੋਕਾਂ ਨਾਲ ਪਰਸਪਰ ਸਬੰਧ ਪੈਦਾ ਕਰਨੇ ਹਨ, ਇਹ ਗੁਰੂ ਸਾਹਿਬ ਜੀ ਦੀ ਜੀਵਨ ਫਲਸਫੇ ਵਿੱਚੋਂ ਪ੍ਰਤੱਖ ਹੁੰਦਾ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਗੁਰੂ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ ਉਨ੍ਹਾਂ ਦੀ ਵਿਚਾਰਧਾਰਾ ਨੂੰ ਉਭਾਰਨਾ ਅਤੇ ਅਪਨਾਉਣਾ ਹੀ ਉਨ੍ਹਾਂ ਪ੍ਰਤੀ ਸੱਚਾ ਸਮਰਪਣ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਐਲਾਨ ਕੀਤਾ ਕਿ ਸਾਰਾ ਸਾਲ ਗੁਰੂ ਸਾਹਿਬ ਜੀ ਦੇ ਫਲਸਫੇ ਨੂੰ ਪ੍ਰਚਾਰਨ ਲਈ ਜ਼ੋਰਦਾਰ ਪ੍ਰਚਾਰ ਲਹਿਰ ਜਾਰੀ ਰੱਖੀ ਜਾਵੇਗੀ, ਜਿਸ ਤਹਿਤ ਪਿੰਡ ਪੱਧਰ ’ਤੇ ਸਮਾਗਮ ਕੀਤੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ 20 ਮਾਰਚ ਨੂੰ ਸ੍ਰੀ ਅੰਮ੍ਰਿਤਸਰ ਤੋਂ ਦਿੱਲੀ ਲਈ ਸਜਾਇਆ ਜਾਣ ਵਾਲਾ ਨਗਰ ਕੀਰਤਨ ਅਲੌਕਿਕ ਹੋਵੇਗਾ, ਜੋ ਪੰਜਾਬ, ਹਰਿਆਣਾ ਵਿਚ ਸਥਿਤ ਨੌਵੇਂ ਪਾਤਸ਼ਾਹ ਦੇ ਅਸਥਾਨਾਂ ਤੋਂ ਹੋ ਕੇ ਜਾਵੇਗਾ ਅਤੇ ਮੁੜ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਆ ਕੇ ਸੰਪੂਰਨ ਹੋਵੇਗਾ। ਉਨ੍ਹਾਂ ਸਮਾਗਮ ਦੌਰਾਨ ਪੁੱਜਣ ਵਾਲੀਆਂ ਸੰਗਤਾਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਸੰਗਤ ਨੂੰ ਗੁਰਬਾਣੀ ਆਸ਼ੇ ਅਨੁਸਾਰ ਜੀਵਨ ਜਿਊਣ ਦੀ ਪ੍ਰੇਰਣਾ ਕੀਤੀ। ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ ਹਾਜ਼ਰੀ ਭਰਦਿਆਂ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਕਿਹਾ ਕਿ ਨੌਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਸਾਡੇ ਸਮਿਆਂ ਅੰਦਰ ਆਉਣਾ ਸਾਡੀ ਖੁਸ਼ਕਿਸਮਤੀ ਹੈ। ਉਨ੍ਹਾਂ ਕਿਹਾ ਕਿ ਦਮਦਮੀ ਟਕਸਾਲ ਵੱਲੋਂ ਪੁੱਜੇ ਸੁਨੇਹੇ ਅਨੁਸਾਰ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਮੌਕੇ ਕੀਤੇ ਜਾਣ ਵਾਲੇ ਸਾਰੇ ਸਮਾਗਮਾਂ ਦੌਰਾਨ ਭਰਵਾਂ ਸਹਿਯੋਗ ਕੀਤਾ ਜਾਵੇਗਾ। ਦਲ ਬਾਬਾ ਬਿਧੀ ਚੰਦ ਦੇ ਮੁਖੀ ਬਾਬਾ ਅਵਤਾਰ ਸਿੰਘ ਸੁਰਸਿੰਘ ਅਤੇ ਕਾਰ ਸੇਵਾ ਖਡੂਰ ਸਾਹਿਬ ਦੇ ਮੁਖੀ ਪਦਮਸ੍ਰੀ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਨੇ ਸੰਗਤ ਨੂੰ ਗੁਰੂ ਸਾਹਿਬ ਜੀ ਦੇ ਇਤਿਹਾਸਕ 400 ਸਾਲਾ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਬਾਣੀ ਅਤੇ ਬਾਣੇ ਨਾਲ ਜੁੜਨ ਦੀ ਪ੍ਰੇਰਣਾ ਦਿੱਤੀ। ਸਟੇਜ ਸੰਚਾਲਨ ਦੀ ਸੇਵਾ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਨਿਭਾਈ ਗਈ। ਇਸ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਉਂਕਾਰ ਸਿੰਘ, ਭਾਈ ਗੁਰਕੀਰਤ ਸਿੰਘ ਤੇ ਭਾਈ ਸੁਖਵੰਤ ਸਿੰਘ ਦੇ ਜਥਿਆਂ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ ਅਤੇ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਨੇ ਕਥਾ ਵਿਚਾਰਾਂ ਸਰਵਣ ਕਰਵਾਈਆਂ। ਸਮਾਗਮ ਸਮੇਂ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ, ਸੀਨੀਅਰ ਮੀਤ ਪ੍ਰਧਾਨ ਸ. ਸੁਰਜੀਤ ਸਿੰਘ ਭਿੱਟੇਵਡ, ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਅਤੇ ਮੁੱਖ ਸਕੱਤਰ ਐਡੋਵਕੇਟ ਹਰਜਿੰਦਰ ਸਿੰਘ ਧਾਮੀ ਅਤੇ ਹੋਰਾਂ ਨੇ ਵੱਖ-ਵੱਖ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਬਾਬਾ ਗੱਜਣ ਸਿੰਘ ਤਰਨਾ ਦਲ ਬਾਬਾ ਬਕਾਲਾ, ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਸੁਰਜੀਤ ਸਿੰਘ ਭਿੱਟੇਵੱਡ, ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਬਾਬਾ ਸੁਖਵਿੰਦਰ ਸਿੰਘ ਭੂਰੀਵਾਲੇ, ਬਾਬਾ ਸੁਖਵਿੰਦਰ ਸਿੰਘ ਮਲਕਪੁਰ, ਸ਼੍ਰੋਮਣੀ ਕਮੇਟੀ ਦੇ ਮੈਂਬਰ ਤੇ ਸਾਬਕਾ ਵਿਧਾਇਕ ਸ. ਬਲਜੀਤ ਸਿੰਘ ਜਲਾਲਉਸਮਾ, ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਰਾਮ ਸਿੰਘ, ਸ. ਬਾਵਾ ਸਿੰਘ ਗੁਮਾਨਪੁਰਾ, ਸ. ਅਮਰਜੀਤ ਸਿੰਘ ਭਲਾਈਪੁਰ, ਭਾਈ ਅਜਾਇਬ ਸਿੰਘ ਅਭਿਆਸੀ, ਸ. ਗੁਰਪ੍ਰੀਤ ਸਿੰਘ ਝੱਬਰ, ਸ. ਸਰਵਨ ਸਿੰਘ ਕੁਲਾਰ, ਸ. ਤਾਰਾ ਸਿੰਘ ਸੱਲ੍ਹਾ, ਬਾਬਾ ਨਿਰਮਲ ਸਿੰਘ ਨੌਸ਼ਿਹਰਾਢਾਲਾ, ਸ. ਰਣਜੀਤ ਸਿੰਘ ਕਾਹਲੋਂ, ਸ. ਅਮਰਜੀਤ ਸਿੰਘ ਬੰਡਾਲਾ, ਬੀਬੀ ਜੋਗਿੰਦਰ ਕੌਰ ਬਠਿੰਡਾ, ਸ. ਸੁਰਜੀਤ ਸਿੰਘ ਤੁਗਲਵਾਲ, ਸ. ਬਲਵਿੰਦਰ ਸਿੰਘ ਵੇਈਂਪੂਈਂ, ਬੀਬੀ ਜੋਗਿੰਦਰ ਕੌਰ ਧਰਮਕੋਟ, ਸ. ਕੁਲਦੀਪ ਸਿੰਘ ਤੇੜਾ, ਬੀਬੀ ਦਵਿੰਦਰ ਕੌਰ ਕਾਲੜਾ, ਬੀਬੀ ਸਰਵਨ ਕੌਰ ਤੇੜਾ, ਬੀਬੀ ਗੁਰਵਿੰਦਰ ਕੌਰ ਜਲਾਲਉਸਮਾ, ਸ. ਮਨਜੀਤ ਸਿੰਘ ਮੰਨਾ ਸਾਬਕਾ ਵਿਧਾਇਕ, ਸ. ਗੁਰਿੰਦਰਪਾਲ ਸਿੰਘ ਰਈਆ, ਬਾਬਾ ਬਖਸ਼ੀਸ ਸਿੰਘ ਨਾਨਕਸਰ ਮਰਹਾਣਾ, ਬਾਬਾ ਸੁਖਦੇਵ ਸਿੰਘ ਟਾਹਲੀ ਸਾਹਿਬ, ਬਾਬਾ ਸਤਨਾਮ ਸਿੰਘ ਕਿਲ੍ਹਾ ਅਨੰਦਗੜ੍ਹ ਸਾਹਿਬ, ਬਾਬਾ ਬਲਵਿੰਦਰ ਸਿੰਘ ਅਠਵਾਲਾ ਵਾਲੇ, ਬਾਬਾ ਮਹਿੰਦਰ ਸਿੰਘ, ਬਾਬਾ ਮੌਜੀ ਦਾਸ ਉਦਾਸੀ ਸੰਪਰਦਾ, ਬਾਬਾ ਅਜਾਇਬ ਸਿੰਘ ਕਾਰਸੇਵਾ ਵਾਲੇ, ਬਾਬਾ ਜੀਤ ਸਿੰਘ ਜੌਲਾਂ, ਬਾਬਾ ਸੁਰਿੰਦਰ ਸਿੰਘ ਭਾਈ ਸੁਲਤਾਨ ਸਿੰਘ ਅਰਦਾਸੀਆ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਮਹਿੰਦਰ ਸਿੰਘ ਆਹਲੀ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਪ੍ਰਤਾਪ ਸਿੰਘ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਹਰਜੀਤ ਸਿੰਘ ਲਾਲੂਘੁੰਮਣ, ਸ. ਸਕੱਤਰ ਸਿੰਘ, ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਸੁਲੱਖਣ ਸਿੰਘ ਭੰਗਾਲੀ, ਸ. ਮੁਖਤਾਰ ਸਿੰਘ, ਓਐਸਡੀ ਡਾ. ਸੁਖਬੀਰ ਸਿੰਘ, ਡਾ. ਅਮਰੀਕ ਸਿੰਘ ਲਤੀਫਪੁਰ, ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਡਾਇਰੈਕਟਰ ਬੀਬੀ ਸਤਵੰਤ ਕੌਰ, ਹੈੱਡ ਗ੍ਰੰਥੀ ਭਾਈ ਸੁਰਜੀਤ ਸਿੰਘ ਸਭਰਾ, ਮੈਨੇਜਰ ਸ. ਸਤਿੰਦਰ ਸਿੰਘ ਬਾਜਵਾ, ਸ. ਮੋਹਨ ਸਿੰਘ ਕੰਗ, ਹੈੱਡ ਪ੍ਰਚਾਰਕ ਭਾਈ ਜਸਵਿੰਦਰ ਸਿੰਘ ਸ਼ਹੂਰ, ਭਾਈ ਸਰਬਜੀਤ ਸਿੰਘ ਢੋਟੀਆਂ, ਭਾਈ ਜਗਦੇਵ ਸਿੰਘ ਸਮੇਤ ਵੱਡੀ ਗਿਣਤੀ ਸੰਗਤਾਂ ਮੌਜੂਦ ਸਨ।