ਨਿਊਜ਼ੀਲੈਂਡ ਦਾ ਤਜਰਬੇਕਾਰ ਬੱਲੇਬਾਜ਼ ਰੋਸ ਟੇਲਰ ਸੱਟ ਕਾਰਣ ਬੰਗਲਾਦੇਸ਼ ਵਿਰੁੱਧ ਹੋਣ ਵਾਲੇ ਪਹਿਲੇ ਵਨ ਡੇ ਮੈਚ ਵਿਚੋਂ ਬਾਹਰ ਹੋ ਗਿਆ ਹੈ। ਟੇਲਰ ਦੀ ਜਗ੍ਹਾ ਆਲਰਾਊਂਡਰ ਮਾਕਰ ਚਾਪਮੈਨ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਟੇਲਰ ਨੂੰ ਪਲੰਕੇਟ ਸ਼ੀਲਡ ਵਿਚ ਸੈਂਟ੍ਰਲ ਸਟੇਗ ਤੇ ਵੇਲਿੰਗਟਨ ਫਾਇਰਬਰਡਸ ਵਿਚਾਲੇ ਐਤਵਾਰ ਨੂੰ ਹੋਏ ਮੁਕਾਬਲੇ ਦੌਰਾਨ ਸੱਟ ਲੱਗ ਗਈ ਸੀ। ਨਿਊਜ਼ੀਲੈਂਡ ਦੇ ਕੋਚ ਗੈਰੀ ਸਟੇਡ ਦਾ ਕਹਿਣਾ ਹੈ ਕਿ ਉਸ ਨੂੰ ਉਮੀਦ ਹੈ ਕਿ ਟੇਲਰ ਸੱਟ ਤੋਂ ਜਲਦ ਉੱਭਰ ਜਾਵੇਗਾ ਤੇ ਸੀਰੀਜ਼ ਦੇ ਬਾਕੀ ਦੇ ਮੁਕਾਬਲਿਆਂ ਵਿਚ ਖੇਡਣ ਲਈ ਫਿੱਟ ਹੋਵੇਗਾ।ਸਟੇਡ ਨੇ ਕਿਹਾ,‘‘ਟੇਲਰ ਲਈ ਦੁਖ ਦੀ ਗੱਲ ਹੋਵੇਗੀ ਕਿ ਸੀਰੀਜ਼ ਤੋਂ ਠੀਕ ਪਹਿਲਾਂ ਉਹ ਜ਼ਖ਼ਮੀ ਹੋ ਗਿਆ। ਇਹ ਮਾਮੂਲੀ ਸੱਟ ਹੈ ਤੇ ਸਾਨੂੰ ਉਮੀਦ ਹੈ ਕਿ ਕੁਝ ਦਿਨ ਆਰਾਮ ਤੇ ਰਿਹੈ। ਬਿਲੀਟੇਸ਼ਨ ਵਿਚ ਲੰਘਾਉਣ ਤੋਂ ਬਾਅਦ ਉਹ ਕ੍ਰਾਈਸਟਚਰਚ ਵਿਚ ਹੋਣ ਵਾਲੇ ਦੂਜੇ ਮੈਚ ਤੋਂ ਪਹਿਲਾਂ ਫਿੱਟ ਹੋ ਜਾਵੇਗਾ। ਨਿਊਜ਼ੀਲੈਂਡ ਤੇ ਬੰਗਲਾਦੇਸ਼ ਵਿਚਾਲੇ ਡੂਨੇਡਿਨ ਦੇ ਯੂਨੀਵਰਸਿਟੀ ਓਵਲ ਮੈਦਾਨ ਵਿਚ 20 ਮਾਰਚ ਨੂੰ ਪਹਿਲਾ ਵਨ ਡੇ ਖੇਡਿਆ ਜਾਣਾ ਹੈ ਜਦਕਿ ਦੂਜਾ ਮੈਚ ਕ੍ਰਾਈਸਟਚਰਚ ਦੇ ਹੇਗਲੇ ਓਵਲ ਵਿਚ 23 ਮਾਰਚ ਤੇ ਤੀਜਾ ਅਤੇ ਆਖਰੀ ਵਨ ਡੇ 26 ਮਾਰਚ ਨੂੰ ਵੇਲਿੰਗਟਨ ਦੇ ਬੇਸਿਨ ਰਿਜ਼ਰਵ ਵਿਚ ਹੋਵੇਗਾ। ਵਿਸ਼ਵ ਕੱਪ ਸੁਪਰ ਲੀਗ ਵਿਚ ਨਿਊਜ਼ੀਲੈਂਡ ਦੀ ਇਹ ਪਹਿਲੀ ਸੀਰੀਜ਼ ਹੈ।