ਇੰਗਲੈਂਡ ਖ਼ਿਲਾਫ਼ 12 ਮਾਰਚ ਤੋਂ ਸ਼ੁਰੂ ਹੋਣ ਵਾਲੀ ਪੰਜ ਮੈਚਾਂ ਦੀ ਸੀਰੀਜ਼ ਤੋਂ ਪਹਿਲਾਂ ਹੀ ਭਾਰਤ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ ਪੁਰਸ਼ ਟੀ20 ਰੈਂਕਿੰਗ ਵਿੱਚ ਦੂਜੇ ਸਥਾਨ ’ਤੇ ਪਹੁੰਚ ਗਿਆ ਹੈ। ਇੰਗਲੈਂਡ ਅਜੇ ਭਾਰਤ ਤੋਂ ਸੱਤ ਅੰਕ ਅੱਗੇ ਹੈ। ਇਸ ਤੋਂ ਪਹਿਲਾਂ ਭਾਰਤ ਤੀਜੇ ਸਥਾਨ ’ਤੇ ਸੀ ਪਰ ਨਿਊਜ਼ੀਲੈਂਡ ਕੋਲੋਂ ਆਸਟਰੇਲੀਆ ਦੇ 3-2 ਨਾਲ ਹਾਰਨ ਕਾਰਨ ਭਾਰਤੀ ਟੀਮ ਅੱਗੇ ਵਧਣ ਵਿੱਚ ਸਫ਼ਲ ਰਹੀ। ਹਾਲਾਂਕਿ ਭਾਰਤ ਤੇ ਆਸਟਰੇਲੀਆ ਵਿੱਚ ਕੇਵਲ ਇੱਕ ਅੰਕ ਦਾ ਫ਼ਾਸਲਾ ਹੈ। ਟੀ20 ਦਰਜਾਬੰਦੀ ਵਿੱਚ ਭਾਰਤੀ ਬੱਲੇਬਾਜ਼ ਕੇਐੱਲ ਰਾਹੁਲ ਤੀਜੇ ਸਥਾਨ ’ਤੇ ਖਿਸਕ ਗਿਆ ਹੈ ਪਰ ਕਪਤਾਨ ਵਿਰਾਟ ਕੋਹਲੀ ਪਹਿਲਾਂ ਵਾਂਗ ਛੇਵੇਂ ਸਥਾਨ ’ਤੇ ਕਾਬਜ਼ ਹੈ। ਇੰਗਲੈਂਡ ਦਾ ਡੇਵਿਡ ਮਲਾਨ ਪਹਿਲੇ ਤੇ ਆਸਟਰੇਲੀਆ ਦਾ ਅਰੋਨ ਫਿੰਚ ਦੂਜੇ ਸਥਾਨ ’ਤੇ ਹੈ।