ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਔਰਤਾਂ ਨੂੰ ਕੌਮਾਂਤਰੀ ਮਹਿਲਾ ਦਿਵਸ ਦੀ ਵਧਾਈ ਦਿੱਤੀ, ਜੋ 8 ਮਾਰਚ ਨੂੰ ਵਿਸ਼ਵ ਭਰ ਵਿਚ ਮਨਾਇਆ ਜਾਂਦਾ ਹੈ। ਇਸ ਦਿਨ ’ਤੇ ਆਪਣੇ ਸੰਦੇਸ਼ ਵਿਚ ਬੀਬੀ ਜਗੀਰ ਕੌਰ ਨੇ ਕਿਹਾ ਕਿ ਉਂਝ ਅਜਿਹਾ ਕੋਈ ਦਿਹਾੜਾ ਨਹੀਂ ਹੈ, ਜਿਹੜਾ ਔਰਤ ਨਾਲ ਜੁੜਿਆ ਨਹੀਂ ਹੁੰਦਾ, ਪਰ ਫਿਰ ਵੀ ਇਸ ਨਿਰਧਾਤ ਦਿਨ ਦੀ ਬੀਬੀਆਂ ਨੂੰ ਹਾਰਦਿਕ ਵਧਾਈ। ਉਨ੍ਹਾਂ ਕਿਹਾ ਕਿ ਘਰ, ਸਮਾਜ ਜਾਂ ਕਿਸੇ ਵੀ ਦੇਸ਼ ਦੀ ਗੱਲ ਹੋਵੇ, ਔਰਤ ਹਰ ਜਗ੍ਹਾਂ ਆਪਣੀ ਭੂਮਿਕਾ ਨਿਭਾ ਰਹੀ ਹੈ। ਉਨ੍ਹਾਂ ਆਖਿਆ ਕਿ ਔਰਤ ਨੂੰ ਮਜ਼ਬੂਤ ਕਰਨਾ ਸਮਾਜ, ਭਾਈਚਾਰੇ ਅਤੇ ਦੇਸ਼ ਨੂੰ ਮਜ਼ਬੂਤ ਕਰਨਾ ਹੈ।ਬੀਬੀ ਜਗੀਰ ਕੌਰ ਕਿਹਾ ਕਿ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਕਰੀਬਨ ਸਾਢੇ ਪੰਜ ਸੌ ਸਾਲ ਪਹਿਲਾਂ ਔਰਤ ਨੂੰ ਬਰਾਬਰ ਦਾ ਅਧਿਕਾਰ ਦਿੱਤਾ ਹੈ। ਸਿੱਖ ਇਤਿਹਾਸ ਦੀ ਪੜਚੋਲ ਕਰ ਕੇ ਦੇਖ ਲਵੋ, ਗੁਰੂ ਸਾਹਿਬਾਨ ਨੇ ਬਿਨਾਂ ਕਿਸੇ ਭੇਦਭਾਵ ਦੇ ਔਰਤਾਂ ਨੂੰ ਬਰਾਬਰ ਅਧਿਕਾਰ ਦਿੱਤੇ ਹਨ। ਇਸ ਲਈ ਸਾਨੂੰ ਗੁਰੂ ਨਾਨਕ ਸਾਹਿਬ ਜੀ ਦਾ ਸ਼ੁਕਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਔਰਤ ਹਰ ਖੇਤਰ ਵਿਚ ਮੋਹਰੀ ਹੈ, ਭਾਵੇਂ ਉਹ ਸਿਵਲ ਜਾਂ ਪੁਲਿਸ ਸੇਵਾਵਾਂ ਹੋਣ ਜਿਵੇਂ ਕਿ ਆਈ.ਏ.ਐਸ., ਆਈ.ਪੀ.ਐਸ., ਪੀ.ਸੀ.ਐਸ. ਆਦਿ ਸਭ ਜਗ੍ਹਾਂ ਔਰਤ ਪ੍ਰਸ਼ਾਸਨਿਕ ਸੇਵਾਵਾਂ ਚੰਗੀ ਤਰ੍ਹਾਂ ਚਲਾ ਰਹੀ ਹੈ ਤੇ ਲੜਾਕੂ ਜਹਾਜ਼ਾਂ ਨੂੰ ਪਾਇਲਟਾਂ ਵਜੋਂ ਉਡਾ ਰਹੀਆਂ ਹਨ। ਜੇਕਰ ਸਰਕਾਰ ਸਰਪੰਚ, ਪੰਚ ਅਤੇ ਹੋਰਨਾਂ ਦੀਆਂ ਅਸਾਮੀਆਂ ’ਤੇ ਔਰਤਾਂ ਨੂੰ ਚੋਣਾਂ ਲੜਨ ਲਈ ਰਾਖਵਾਂਕਰਨ ਦੇਣ ਲਈ ਰਾਜ਼ੀ ਹੈ ਤਾਂ ਸਰਕਾਰ ਅਤੇ ਸਮਾਜ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਹ ਸਿਰਫ਼ ਕਾਗਜ਼ਾਂ ’ਤੇ ਰਾਖਵਾਂਕਰਨ ਤਕ ਸੀਮਿਤ ਨਾ ਰਹੇ ਬਲਕਿ ਔਰਤਾਂ ਨੂੰ ਅਸਲ ਵਿਚ ਉਨ੍ਹਾਂ ਦੀ ਯੋਗਤਾ, ਸੋਚ ਅਤੇ ਕੰਮ ਦੇ ਹੁਨਰਾਂ ਦੇ ਅਧਾਰ ‘’ਤੇ ਸੁਤੰਤਰ ਢੰਗ ਨਾਲ ਮੌਕੇ ਪ੍ਰਦਾਨ ਕੀਤੇ ਜਾਣੇ ਚਾਹੀਦੇ ਹਨ।ਉਨ੍ਹਾਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਿਆਂ ਕਿਹ ਕਿ ਇਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਕੰਮ ਕਰਨ ਦਾ ਮੌਕਾ ਮਿਲਣਾ ਗੁਰੂ ਸਾਹਿਬਾਨ ਦੇ ਬਰਾਬਰਤਾ ਦੇ ਸਿਧਾਂਤ ਦੀ ਹੀ ਤਰਜਮਾਨੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਬੀਬੀਆਂ ਨੂੰ ਜਿਥੇ ਵਧਾਈ ਦਿੱਤੀ, ਉਥੇ ਹੀ ਕਿਹਾ ਕਿ ਹਰ ਸਮਾਜ ਦੇ ਲੋਕ ਇਹ ਮਹਿਸੂਸ ਕਰਨ ਕਿ ਔਰਤ ਤੋਂ ਬਿਨਾਂ ਸਮਾਜ ਅਧੂਰਾ ਹੈ ਤੇ ਅਸੀਂ ਬੀਬੀਆਂ ਦੇ ਸਨਮਾਨ ਨੂੰ ਠੇਸ ਨਹੀਂ ਪੁੱਜਣ ਦੇਣੀ।