ਔਕਲੈਂਡ, 3 ਜੂਨ 2020 – ਨਿਊਜ਼ੀਲੈਂਡ ਸਰਕਾਰ ਨੇ ਜਿੱਥੇ 19 ਮਾਰਚ ਤੋਂ ਆਪਣੇ ਦੇਸ਼ ਦੇ ਬਾਰਡਰ ਵਿਦੇਸ਼ੀ ਲੋਕਾਂ ਲਈ ਬੰਦ ਕਰ ਦਿੱਤੇ ਸਨ ਉੱਥੇ ਭਾਰਤ ਸਰਕਾਰ ਨੇ 25 ਮਾਰਚ ਤੋਂ ਦੇਸ਼ ਦੇ ਬਾਰਡਰ ਬੰਦ ਕਰਕੇ ਕੋਰੋਨਾ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਸਾਰੇ ਦੌਰਾਨ ਦੋਵਾਂ ਦੇਸ਼ਾਂ ਅੰਦਰ ਅਸਥਾਈ ਵੀਜ਼ੇ ਵਾਲੇ ਫਸ ਕੇ ਰਹਿ ਗਏ ਸਨ। ਨਿਊਜ਼ੀਲੈਂਡ ਦੇ ਇਸ ਵੇਲੇ 1500 ਤੋਂ ਉੱਪਰ ਭਾਰਤੀ ਲੋਕ ਹਨ ਜੋ ਕਿ ਲਾਕ ਡਾਊਨ ਦੀ ਵਜ਼੍ਹਾ ਕਰਕੇ ਇੱਥੇ ਅਟਕ ਕੇ ਕਹਿ ਗਏ ਸਨ ਅਤੇ ਇਸ ਮਹੀਨੇ ਚੱਲਣ ਵਾਲੀਆਂ ਏਅਰ ਇੰਡੀਆਂ ਦੀਆਂ ਵਿਸ਼ੇਸ਼ ਫਲਾਈਟਾਂ ਦੇ ਵਿੱਚ ਵਾਪਿਸ ਜਾਣਗੇ।
ਇਨ੍ਹਾਂ ਵਿੱਚੋਂ ਕੁਝ ਭਾਰਤੀ ਲੋਕਾਂ (ਲਗਪਗ 28) ਨੂੰ ਵੱਡੀ ਮੁਸ਼ਕਿਲ ਇੱਥੇ ਜਦੋਂ ਰਹਿਣ ਦੀ ਆਉਣ ਲੱਗੀ ਤਾਂ ਉਨ੍ਹਾਂ ਦਾ ਸੰਪਰਕ ਭਾਰਤੀਆ ਸਮਾਜ ਚੈਰੀਟੇਬਲ ਟ੍ਰੱਸਟ ਦੇ ਜੀਤ ਸੱਚਦੇਵ ਅਤੇ ਭਾਰਤੀ ਹਾਈ ਕਮਿਸ਼ਨ ਦੇ ਆਨਰੇਰੀ ਕੌਂਸਿਲ ਜਨਰਲ ਭਵ ਢਿੱਲੋਂ ਨਾਲ ਹੋਇਆ। ਹਾਈ ਕਮਿਸ਼ਨ ਵੱਲੋਂ ਫੂਡ ਡ੍ਰਾਈਵ ਨੇ ਜਿੱਥੇ ਸੈਂਕੜੇ ਭਾਰਤੀ ਵਿਦਿਆਰਥੀਆਂ ਨੂੰ ਰਾਸ਼ਣ ਦੀ ਸਪਲਾਈ ਜਾਰੀ ਕਰਕੇ ਉਨ੍ਹਾਂ ਦਾ ਜੀਵਨ ਰੋੜ੍ਹੀ ਰੱਖਿਆ ਉਥੇ ਇੰਡੀਆ ਤੋਂ ਆਏ ਇਨ੍ਹਾਂ 28 ਦੇ ਕਰੀਬ ਲੋਕਾਂ ਦੀ ਰਿਹਾਇਸ਼ ਦਾ ਨਵਾਂ ਫਿਕਰ ਸ਼ੁਰੂ ਹੋਇਆ।
ਇਨ੍ਹਾਂ ਲੋਕਾਂ ਵਿਚੋਂ ਕੁਝ ਆਪਣੇ ਵਿਦਿਆਰਥੀ ਬੱਚਿਆਂ ਕੋਲ ਆਏ ਸਨ, ਕੁਝ ਘੁੰਮਣ ਆਏ ਸਨ, 25ਵੀਂ ਵਿਆਹ ਸਾਲਗਿਰਾ, ਕੁਝ ਹਨੀਮੂਨ ਵਾਸਤੇ ਆਏ ਸਨ ਪਰ ਲਾਕ ਡਾਊਨ ਵੱਧਦਾ ਚਲਾ ਗਿਆ ਅਤੇ ਪੈਸੇ ਮੁੱਕਣ ਲੱਗੇ ਤਾਂ ਇਨ੍ਹਾਂ ਲੋਕਾਂ ਨੂੰ ਕੋਈ ਹੱਲ ਲੱਭਣ ਵਾਸਤੇ ਬਾਹਰ ਤੱਕਣਾ ਪਿਆ। ਇਹ ਲੋਕ ਭਾਰਤ ਤੋਂ ਗੁੜਗਾਉਂ, ਲਖਨਊ, ਕਾਨ੍ਹਪੁਰ, ਬੰਗਲੌਰ, ਮੁੰਬਈ ਅਤੇ ਦੇਸ਼ ਦੇ ਹੋਰ ਹਿੱਸਿਆਂ ਤੋਂ ਹਨ।
ਜਿਸ ਮੋਟਲ ਦੇ ਵਿਚ ਇਨ੍ਹਾਂ ਨੂੰ ਰਿਹਾਇਸ਼ ਮਿਲੀ ਉਸਦੇ ਸਾਹਮਣੇ ਹੀ ਗਰਦੁਆਰਾ ਸ੍ਰੀ ਦਸਮੇਸ਼ ਦਰਬਾਰ ਹੈ ਅਤੇ ਇਹ ਲੋਕ ਸ਼ਾਇਦ ਆਪਣੇ ਟੂਰ ਦੌਰਾਨ ਇਥੇ ਨਾ ਆਉਂਦੇ ਪਰ ਸਮਾਂ ਐਸਾ ਬਣਿਆ ਕਿ ਉਹ ਰੋਜ਼ਾਨਾ ਗੁਰਦੁਆਰਾ ਜਾਣ ਲੱਗੇ ਅਤੇ ਸੇਵਾ ਵੀ ਕਰਨ ਲੱਗੇ, ਜੋ ਕਿ ਉਨ੍ਹਾਂ ਲਈ ਇਕ ਨਵਾਂ ਤਜ਼ਰਬਾ ਰਿਹਾ। ਕਈ ਜੋੜਿਆਂ ਨੂੰ ਲੌਕ ਡਾਊਨ ਬਾਅਦ ਸਮਝ ਨਹੀਂ ਆ ਰਿਹਾ ਸੀ ਕਿ ਉਹ ਕਿਥੇ ਜਾਣ? ਅਤੇ ਕਿਵੇਂ ਆਪਣਾ ਖਰਚਾ ਕਰਨ ?
ਜੀਤ ਸੱਚਦੇਵ ਨੇ ਪ੍ਰਸਿੱਧ ਪੰਜਾਬੀ ਬਿਜਨਸਮੈਨ ਪ੍ਰਿਥੀਪਾਲ ਸਿੰਘ ਬਸਰਾ ਦੇ ਨਾਲ ਇਸ ਸਬੰਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਉਸੇ ਫੋਨ ਕਾਲ ਉਤੇ ਕਹਿ ਦਿੱਤਾ ਕਿ ਪਾਪਾਟੋਏਟੋਏ ਵਿਖੇ ‘ਥ੍ਰੀ ਪਾਮ ਲੌਜ’ ਇਨ੍ਹਾਂ ਭਾਰਤੀਆਂ ਵਾਸਤੇ ਖੁੱਲ੍ਹਾ ਹੈ ਲੈ ਆਓ। ਇਥੇ ਹੀ ਉਨ੍ਹਾਂ ਦੇ ਖਾਣ-ਪੀਣ ਦਾ ਵੀ ਪ੍ਰਬੰਧ ਹੋ ਗਿਆ ਅਤੇ ਇਹ ਲੋਕ ਲਗਪਗ 3 ਹਫਤਿਆਂ ਤੋਂ ਇਥੇ ਫ੍ਰੀ ਰਹਿ ਰਹੇ ਹਨ। ਦਵਾਈਆਂ ਦਾ ਪ੍ਰਬੰਧ ਕੀਤਾ ਗਿਆ, ਲਾਉਂਡਰੀ ਦਾ ਪ੍ਰਬੰਧ ਹੋ ਗਿਆ। ਸਰਕਾਰ ਵੱਲੋਂ ਇਸ ਕਾਰਜ ਦੇ ਵਿਚ ਬਾਅਦ ਵਿਚ ਥੋੜ੍ਹਾ ਸਹਿਯੋਗ ਜਰੂਰ ਦਿੱਤਾ ਗਿਆ ਪਰ ਬਹੁਤਾ ਕਾਰਜ ਭਾਰਤੀਆਂ ਨੇ ਆਪਣੇ ਖੁੱਲ੍ਹੇ ਦਿਲਾਂ ਦੇ ਨਾਲ ਦਿਲ ਜਿੱਤ ਕੇ ਹੀ ਕਰ ਲਿਆ।
ਅੱਜ ਇਨ੍ਹਾਂ ਭਾਰਤੀ ਲੋਕਾਂ ਨੂੰ ਟਾਊਨ ਗਰਿੱਲ ਰੈਸਟੋਰੈਂਟ ਵਿਖੇ 7 ਜੂਨ ਦੀ ਫਲਾਈਟ ਲਈ ਇਕ ਨਿੱਘੀ ਵਿਦਾਇਗੀ ਦਿੱਤੀ ਗਈ ਜਿਸ ਦੇ ਵਿਚ ਭਾਰਤੀ ਸਮਾਜ ਤੋਂ ਜੀਤ ਸੱਚਦੇਵ, ਰੂਪਾ ਸੱਚਦੇਵ, ਬਿਜਨਸ ਮੈਨ ਪ੍ਰਿਥੀਪਾਲ ਸਿੰਘ ਬਸਰਾ, ਬੇਅੰਤ ਸਿੰਘ ਜਾਡੋਰ, ਸ. ਮਨਜੀਤ ਸਿੰਘ ਪੁੱਕੀਕੁਈ, ਅਜੀਤ ਸਿੰਘ ਪਰਮਾਰ, ਡਾ. ਖੁੱਲਰ, ਡਾ. ਸੰਧੂ, ਨਵਤੇਜ ਰੰਧਾਵਾ ਰੇਡੀਓ ਸਪਾਈਸ, ਨਰਿੰਦਰ ਸਿੰਗਲਾ ਐਨ. ਜ਼ੈਡ. ਤਸਵੀਰ, ਪ੍ਰਾਈਮ ਏਸ਼ੀਆ ਤੋਂ ਸਵਰਨ ਟਹਿਣਾ-ਹਰਮਨ ਥਿੰਦ, ਪੁਲਿਸ ਅਫਸਰ ਆਜੀ ਬਸਰਾ, ਹਰਜੀਤ ਸਿੰਘ, ਹਰਵਿੰਦਰ ਬਸਰਾ ਸਮੇਤ ਹੋਰ ਬਹੁਤ ਸਾਰੇ ਪਤਵੰਤੇ ਹਾਜਿਰ ਹੋਏ। ਭਾਰਤ ਵਾਪਿਸ ਮੁੜ ਰਹੇ ਭਾਰਤੀਆਂ ਨੇ ਇਸ ਮੌਕੇ ‘ਕਭੀ ਅਲਵਿਦਾ ਨਾ ਕਹਿਣਾ ਕਭੀ ਅਲਵਿਦਾ ਨਾ ਕਹਿਣਾ’ ਗਾ ਕੇ ਸਾਰਿਆਂ ਨੂੰ ਭਾਵੁਕ ਕਰ ਦਿੱਤਾ।