ਨਵੀਂ ਦਿੱਲੀ – ਦਿੱਲੀ ਵਿਧਾਨ ਸਭਾ ਦਾ ਬਜਟ ਸੈਸ਼ਨ 8 ਮਾਰਚ ਨੂੰ ਸ਼ੁਰੂ ਹੋਵੇਗਾ ਤੇ 16 ਮਾਰਚ ਤੱਕ ਚਲੇਗਾ। ਇਸ ਫ਼ੈਸਲੇ ਬਾਰੇ ਦਿੱਲੀ ਦੇ ਉਪ ਮੁੱਖ ਮੰਤਰੀ ਜੋ ਵਿਤ ਮੰਤਰੀ ਵੀ ਹਨ ਵੱਲੋਂ ਦਿੱਲੀ ਕੈਬਨਿਟ ਦੀ ਬੈਠਕ ਵਿੱਚ ਬਜਟ ਸੈਸ਼ਨ ਨੂੰ ਲੈ ਕੇ ਟਵੀਟ ਰਾਹੀਂ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ 16 ਮਾਰਚ ਤੱਕ ਇਹ ਸੈਸ਼ਨ ਚੱਲੇਗਾ ਤੇ ਇਸ ਦੌਰਾਨ 2021-22 ਦਾ ਬਜਟ ਪੇਸ਼ ਕੀਤਾ ਜਾਵੇਗਾ। ਇਸ ਵਾਰ ਦੇ ਬਜਟ ਉਪਰ ਦਿੱਲੀ ਵਿੱਚ ਸਿਹਤ, ਸਿੱਖਿਆ ਤੇ ਬੁਨਿਆਦੀ ਸਹੂਲਤਾਂ ਉਪਰ ਧਿਆਨ ਦਿੱਤਾ ਜਾਵੇਗਾ ਤੇ ਦਿੱਲੀ ਵਿੱਚ ਪਾਣੀ ਦੀ ਪੂਰਤੀ ਉਪਰ ਵਿਸ਼ੇਸ਼ ਧਿਆਨ ਦਿੱਤਾ ਜਾ ਸਕਦਾ ਹੈ। ਹਾਲਾਂਕਿ ਦਿੱਲੀ ਸਰਕਾਰ ਦੀ ਵਿੱਤੀ ਹਾਲਤ ਕਰੋਨਾ ਸੰਕਟ ਕਾਰਨ ਸੁੰਗੜੀ ਹੈ ਪਰ ਸ਼ਾਇਦ ਦਿੱਲੀ ਸਰਕਾਰ ਨਵੇਂ ਕਰਾਂ ਤੋਂ ਕੁੱਝ ਗੁਰੇਜ਼ ਕਰ ਸਕਦੀ ਹੈ। ‘ਆਪ’ ਸਰਕਾਰ ਵੱਲੋਂ ਜਾਰੀ ਲੋਕ ਕਲਿਆਣ ਯੋਜਨਾਵਾਂ ਉਪਰ ਵੀ ਇਸ ਬਜਟ ਵਿੱਚ ਜ਼ੋਰ ਦਿੱਤਾ ਜਾਵੇਗਾ ਕਿਉਂਕਿ ਅਗਲੇ ਸਾਲ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਹੋਣੀਆਂ ਹਨ। ਸੂਤਰਾਂ ਮੁਤਾਬਕ ਬੀਤੇ ਸਾਲ ਦਿੱਲੀ ਸਰਕਾਰ ਨੇ 65 ਹਜ਼ਾਰ ਕਰੋੜ ਦਾ ਬਜਟ ਪੇਸ਼ ਕੀਤਾ ਸੀ ਤੇ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ 10 ਫ਼ੀਸਦ ਵੱਧ ਬਜਟ ਤਿਆਰ ਕੀਤਾ ਜਾਵੇਗਾ। ਦਿੱਲੀ ਸਰਕਾਰ ਅਧੀਨ ਆਉਂਦੇ ਮਹਿਕਮਿਆਂ ਦੇ ਪ੍ਰਬੰਧ ਵਿੱਚ ਹੋਰ ਪਾਰਦਰਸ਼ਤਾ ਲਿਆਉਣ ਉਪਰ ਜ਼ੋਰ ਰਹੇਗਾ।