ਐਸ ਏ ਐਸ ਨਗਰ, 3 ਜੂਨ 2020: ਕੋਵਿਡ -19 ਮਹਾਂਮਾਰੀ ਦੌਰਾਨ ਵਿਦੇਸ਼ਾਂ ਵਿਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ, ਏਅਰ ਇੰਡੀਆ ਦੀ ਉਡਾਣ ਏਆਈ 1916 ਦੁਬਈ ਤੋਂ 153 ਭਾਰਤੀਆਂ ਨੂੰ ਲੈ ਕੇ ਮੰਗਲਵਾਰ ਰਾਤ 9: 15 ਵਜੇ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਸੀਆਈਐਲ) ‘ਤੇ ਪਹੁੰਚੀ।
ਆਪਣੇ ਪਰਿਵਾਰਕ ਮੈਂਬਰਾਂ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੇ 80 ਪੰਜਾਬੀਆਂ ਦੇ ਪਰਿਵਾਰਾਂ ਨੂੰ ਉਦੋਂ ਬੇਹੱਦ ਰਾਹਤ ਮਹਿਸੂਸ ਹੋਈ ਜਦੋਂ ਇਹ ਪੰਜਾਬੀ ਆਪਣੇ ਵਤਨ ਵਾਪਸ ਪਰਤ ਆਏ ਜਿਥੇ ਕਿ ਉਹ ਜ਼ਰੂਰੀ ਤੌਰ ਉਤੇ ਸੰਸਥਾਗਤ ਕੁਆਰੰਟੀਨ ਵਿਚ ਰਹਿਣਗੇ ਅਤੇ ਇਸ ਤੋਂ ਬਾਅਦ ਆਪਣੇ ਘਰ ਜਾਣਗੇ।
ਵਿਦੇਸ਼ਾਂ ਤੋਂ ਪਰਤੇ ਦੂਸਰੇ ਯਾਤਰੀਆਂ ਵਿਚੋਂ, ਹਰਿਆਣਾ ਦੇ 13, ਹਿਮਾਚਲ ਪ੍ਰਦੇਸ਼ ਦੇ 37, ਉੱਤਰ ਪ੍ਰਦੇਸ਼ ਦੇ 2, ਉਤਰਾਖੰਡ ਤੋਂ 2, ਜੰਮੂ-ਕਸ਼ਮੀਰ ਅਤੇ ਦਿੱਲੀ ਤੋਂ 4-4 ਅਤੇ ਚੰਡੀਗੜ੍ਹ ਤੋਂ 11 ਯਾਤਰੀ ਸ਼ਾਮਲ ਹਨ।
ਸਾਰਿਆਂ ਨੂੰ ਸਬੰਧਤ ਰਾਜ ਸਰਕਾਰ ਦੇ ਨੁਮਾਇੰਦਿਆਂ ਦੀ ਨਿਗਰਾਨੀ ਹੇਠ ਉਨ੍ਹਾਂ ਦੇ ਜ਼ਿਲ੍ਹਿਆਂ ਵਿੱਚ ਭੇਜਿਆ ਗਿਆ ਜਿਥੇ ਉਹਨਾਂ ਨੂੰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੁਆਰੰਟੀਨ ਕੀਤਾ ਜਾਵੇਗਾ।