ਕੈਲੀਫੋਰਨੀਆ – ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਅਮਰੀਕਾ ਦੇ ਸਿਹਤ ਵਿਭਾਗ ਨੇ ਬਹੁਤ ਵੱਡੇ ਪੱਧਰ ‘ਤੇ ਵਾਇਰਸ ਦੇ ਪ੍ਰਕੋਪ ਦਾ ਸਾਹਮਣਾ ਕੀਤਾ ਹੈ । ਵਾਇਰਸ ਦੀ ਵਧੀ ਹੋਈ ਲਾਗ ਨੇ ਹਸਪਤਾਲਾਂ ਵਿੱਚ ਕੋਰੋਨਾ ਮਰੀਜ਼ਾਂ ਦੇ ਦਾਖਲਿਆਂ ਨੂੰ ਭਾਰੀ ਮਾਤਰਾ ਵਿੱਚ ਵਧਾ ਦਿੱਤਾ ਸੀ। ਮਰੀਜ਼ਾਂ ਦੀ ਵਧੀ ਹੋਈ ਗਿਣਤੀ ਨੇ ਇੱਕ ਸਮੇਂ ਹਸਪਤਾਲਾਂ ਵਿਚਲੀਆਂ ਸਿਹਤ ਸਹੂਲਤਾਂ ‘ਤੇ ਵੀ ਵੱਡਾ ਪ੍ਰਭਾਵ ਪਾਇਆ ਸੀ। ਕਈ ਸੂਬਿਆਂ ਦੇ ਹਸਪਤਾਲਾਂ ਵਿੱਚ ਤਾਂ ਆਕਸੀਜਨ ਸਪਲਾਈ, ਬਿਸਤਰਿਆਂ ਦੀ ਘਾਟ ਅਤੇ ਹੋਰ ਸਹੂਲਤਾਂ ਦੀ ਵੀ ਘਾਟ ਪੈਦਾ ਹੋ ਗਈ ਸੀ ,ਪਰ ਮੌਜੂਦਾ ਸਮੇਂ ਅੰਕੜਿਆਂ ਦੇ ਅਨੁਸਾਰ ਅਮਰੀਕੀ ਹਸਪਤਾਲਾਂ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 50,000 ਤੋਂ ਹੇਠਾਂ ਆ ਗਈ ਹੈ ਜੋ ਕਿ ਲੱਗਭਗ ਚਾਰ ਮਹੀਨਿਆਂ ਵਿੱਚ ਸਭ ਤੋਂ ਹੇਠਲਾ ਪੱਧਰ ਹੈ।ਕੋਵਿਡ ਟਰੈਕਿੰਗ ਪ੍ਰੋਜੈਕਟ ਦੇ ਅੰਕੜਿਆਂ ਅਨੁਸਾਰ ਸ਼ਨੀਵਾਰ ਨੂੰ ਹਸਪਤਾਲਾਂ ਵਿੱਚ ਤਕਰੀਬਨ 48,870 ਮਰੀਜ਼ ਕੋਰੋਨਾ ਵਾਇਰਸ ਦਾ ਇਲਾਜ ਕਰ ਰਹੇ ਸਨ।ਇਸ ਸੰਬੰਧੀ ਸੰਸਥਾ ਅਨੁਸਾਰ 2 ਨਵੰਬਰ ਤੋਂ ਬਾਅਦ ਪਹਿਲੀ ਵਾਰ ਹੁਣ ਕੋਵਿਡ -19 ਕਾਰਨ ਹਸਪਤਾਲਾਂ ਵਿੱਚ ਦਾਖਲ ਲੋਕਾਂ ਦੀ ਗਿਣਤੀ 50 ਹਜ਼ਾਰ ਤੋਂ ਘੱਟ ਹੈ। ਇਸਦੇ ਇਲਾਵਾ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 6 ਜਨਵਰੀ ਨੂੰ ਹਸਪਤਾਲਾਂ ਵਿੱਚ ਦਾਖਲ 132,474 ਮਰੀਜ਼ਾਂ ਦੀ ਉੱਚ ਗਿਣਤੀ ਤੋਂ ਬਾਅਦ ਤੋਂ ਮਰੀਜ਼ਾਂ ਦੀ ਹਸਪਤਾਲ ਵਿੱਚ ਦਾਖਲ ਹੋਣ ਦੀ ਗਿਣਤੀ ਲਗਾਤਾਰ ਘਟ ਰਹੀ ਹੈ। ਮਹਾਂਮਾਰੀ ਵਿੱਚ ਵਾਇਰਸ ਦੀ ਲਾਗ ਨੂੰ ਜਾਂਚਣ ਲਈ ਹਸਪਤਾਲ ਵਿੱਚ ਦਾਖਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਬਹੁਤ ਮਹੱਤਵਪੂਰਨ ਹੈ। ਅਮਰੀਕਾ ਵਿੱਚ ਵਾਇਰਸ ਸੰਬੰਧੀ ਅੰਕੜਿਆਂ ਅਨੁਸਾਰ ਸ਼ਨੀਵਾਰ ਨੂੰ ਵਾਇਰਸ ਦੇ ਤਕਰੀਬਨ 70,622 ਨਵੇਂ ਮਾਮਲੇ ਅਤੇ 1,822 ਵਾਇਰਸ ਨਾਲ ਸਬੰਧਿਤ ਮੌਤਾਂ ਵੀ ਦਰਜ ਕੀਤੀਆਂ ਗਈਆਂ ਹਨ।