ਸ਼ਿਲੌਂਗ – ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੱਜ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਇਹ ਜ਼ਰੂਰੀ ਹੈ ਕਿ ਸਾਰੀਆਂ ਸੰਵਿਧਾਨਕ ਸੰਸਥਾਵਾਂ ਇਕ-ਦੂਜੇ ਦਾ ਸਨਮਾਨ ਕਰਨ ਅਤੇ ਇਕ-ਦੂਜੇ ਨੂੰ ਸਹਿਯੋਗ ਦੇਣ। ਉਹ ਮੇਘਾਲਿਆ ਵਿਧਾਨ ਸਭਾ ਦੇ ਮੈਂਬਰਾਂ ਨੂੰ ਸੰਬੋਧਨ ਕਰ ਰਹੇ ਸਨ।ਉਨ੍ਹਾਂ ਕਿਹਾ, ‘‘ਲੋਕੰਤਤਰ ਨੂੰ ਉਦੋਂ ਹੀ ਮਜ਼ਬੂਤ ਕੀਤਾ ਜਾ ਸਕਦਾ ਹੈ ਜਦੋਂ ਸਾਰੀਆਂ ਸੰਵਿਧਾਨਕ ਸੰਸਥਾਵਾਂ ਮਿਲ ਕੇ ਕੰਮ ਕਰਨ ਅਤੇ ਆਪੋ-ਆਪਣੇ ਸੰਵਿਧਾਨਕ ਖੇਤਰ ਵਿੱਚ ਰਹਿ ਕੇ ਇਕ-ਦੂਜੇ ਨੂੰ ਸਹਿਯੋਗ ਦੇਣ। ਸਾਰੀਆਂ ਸੰਸਥਾਵਾਂ ਨੂੰ ਇਕ-ਦੂਜੇ ਦਾ ਸਨਮਾਨ ਕਰਨਾ ਚਾਹੀਦਾ ਹੈ। ਵਿਚਾਰ-ਚਰਚਾ ਦੌਰਾਨ ਮੱਤਭੇਦ ਹੋ ਸਕਦੇ ਹਨ ਪਰ ਸਾਨੂੰ ਅਜਿਹੇ ਹਾਲਾਤ ਪੈਦਾ ਨਹੀਂ ਕਰਨੇ ਚਾਹੀਦੇ ਹਨ ਜਿੱਥੇ ਕਿ ਗੱਲਬਾਤ ਹੀ ਸੰਭਵ ਨਾ ਹੋ ਸਕੇ। ਸਾਡੀ ਵਿਚਾਰ-ਚਰਚਾ ਦਾ ਮਕਸਦ ਦੇਸ਼ ਦੇ ਲੋਕਾਂ ਦੀ ਭਲਾਈ ਹੋਣਾ ਚਾਹੀਦਾ ਹੈ।’’ਸ੍ਰੀ ਬਿਰਲਾ, ਜੋ ਮੇਘਾਲਿਆ ਦੇ ਦੋ ਦਿਨਾ ਦੌਰੇ ’ਤੇ ਹਨ, ਨੇ ਕਿਹਾ ਕਿ ਸੰਸਦ ਵਿੱਚ ਉਨ੍ਹਾਂ ਦੀ ਸਭ ਤੋਂ ਅਹਿਮ ਪਹਿਲ ਔਰਤਾਂ, ਨੌਜਵਾਨਾਂ ਅਤੇ ਨਵੇਂ ਚੁਣ ਕੇ ਆਏ ਸੰਸਦ ਮੈਂਬਰਾਂ ਨੂੰ ਸੰਸਦੀ ਸੰਮੇਲਨਾਂ ਤੇ ਕਾਰ-ਵਿਹਾਰ ਬਾਰੇ ਜਾਣੂ ਕਰਵਾਉਣਾ ਹੁੰਦਾ ਹੈ। ਉਨ੍ਹਾਂ ਕਿਹਾ, ‘‘ਮੈਂ ਹਮੇਸ਼ਾ ਵਾਦ-ਵਿਵਾਦ ਵਿੱਚ ਉਨ੍ਹਾਂ ਦੀ ਸਰਗਰਮ ਸ਼ਮੂਲੀਅਤ ਦਾ ਸਵਾਗਤ ਕਰਦਾ ਹਾਂ ਤੇ ਉਤਸ਼ਾਹਿਤ ਕਰਦਾ ਹਾਂ। ਸੰਸਦ ਵਿੱਚ ਉਸਾਰੂ ਬਹਿਸ ਦਾ ਰਾਹ ਪੱਧਰਾ ਕਰਨ ਲਈ ਮੈਂਬਰਾਂ ਦਾ ਸਮਰੱਥਾ ਨਿਰਮਾਣ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ।’’ ਇਸ ਦੌਰਾਨ ਸਪੀਕਰ ਨੇ ਮੈਂਬਰਾਂ ਦਾ ਵਿਵਹਾਰਕ ਗਿਆਨ ਵਧਾਉਣ ਲਈ ਲੋਕ ਸਭਾ ਵਿੱਚ ਕੀਤੀਆਂ ਗਈਆਂ ਪਹਿਲਕਦਮੀਆਂ ਬਾਰੇ ਵੀ ਗੱਲ ਕੀਤੀ। ਉਨ੍ਹਾਂ ਹੇਠਲੇ ਸਦਨ ਵਿੱਚ ਬਿੱਲਾਂ ਬਾਰੇ ਜਾਣਕਾਰੀ ਦੇਣ ਲਈ ਸ਼ੁਰੂ ਕੀਤੇ ਗਏ ਸੈਸ਼ਨਾਂ ਬਾਰੇ ਵੀ ਦੱਸਿਆ।