21 ਫਰਵਰੀ ਨੂੰ ਪਹਿਲੀ ਵਾਰ ਰੇਡੀਓ ਤੋਂ ਵੀ ਹੋਵੇਗਾ ਪ੍ਰਸਾਰਿਤ
ਚੰਡੀਗੜ੍ਹ – ਪੰਜਾਬ ਸਰਕਾਰ ਵੱਲੋ ਪੇਂਡੂ ਘਰਾਂ ਨੂੰ ਸ਼ੁੱਧ ਅਤੇ ਸਾਫ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਜਲ ਜੀਵਨ ਮਿਸ਼ਨ ਚਲਾਇਆ ਜਾ ਰਿਹਾ ਹੈ। ਹਰ ਘਰ ਨਲ, ਹਰ ਘਰ ਜਲ
ਮੁਹਿੰਮ ਤਹਿਤ ਜਲ ਜੀਵਨ ਮਿਸ਼ਨ ਦੇ ਉਦੇਸ਼ਾਂ ਅਤੇ ਕਾਰਜਪ੍ਰਣਾਲੀ ਸਬੰਧੀ ਸਮੁੱਚੇ ਭਾਗੀਦਾਰਾਂ ਨੂੰ ਸਿੱਖਿਅਤ ਅਤੇ ਜਾਗਰੂਕ ਕਰਨ ਹਿੱਤ ਹਫਤਾਵਾਰੀ ਟੀ.ਵੀ ਪ੍ਰੋਗਰਾਮ “ਜਲ ਹੈ ਤਾਂ ਕੱਲ੍ਹ ਹੈ” ਪ੍ਰਸਾਰਿਤ ਕੀਤਾ ਜਾ ਰਿਹਾ ਹੈ। 21 ਫਰਵਰੀ ਤੋਂ ਇਹ ਪ੍ਰੋਗਰਾਮ ਹੁਣ ਹਰ ਐਤਵਾਰ ਸ਼ਾਮ 5.30 ਵਜੇ ਦੂਰਦਰਸ਼ਨ ਜਲੰਧਰ/ਡੀਡੀ ਪੰਜਾਬੀ ਤੋਂ ਅਤੇ ਸ਼ਾਮ 7 ਵਜੇ ਆਲ ਇੰਡੀਆ ਰੇਡੀਓ ਜਲੰਧਰ ਤੋਂ ਪ੍ਰਸਾਰਿਤ ਹੋਵੇਗਾ। ਰੇਡੀਓ ਤੋਂ ਇਹ ਪ੍ਰੋਗਰਾਮ ਪਹਿਲੀ ਵਾਰ ਪ੍ਰਸਾਰਿਤ ਹੋ ਰਿਹਾ ਹੈ ਜਦਕਿ ਇਸ ਤੋਂ ਪਹਿਲਾਂ ਦੂਰਦਰਸ਼ਨ ਜਲੰਧਰ/ਡੀਡੀ ਪੰਜਾਬੀ ਤੇ ਇਹ ਪ੍ਰੋਗਰਾਮ ਸ਼ੁੱਕਰਵਾਰ ਨੂੰ ਸ਼ਾਮੀ 5.05 ਵਜੇ ਪ੍ਰਸਾਰਿਤ ਹੁੰਦਾ ਸੀ।ਇਸ ਸਬੰਧੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੀ ਮੇਜਬਾਨੀ ਮਸ਼ਹੂਰ ਅਦਾਕਾਰ ਬਾਲ ਮੁਕੰਦ ਸ਼ਰਮਾਂ ਵਲੋਂ ਕੀਤੀ ਜਾਂਦੀ ਹੈ। ਇਸ ਪ੍ਰੋਗਰਾਮ ਦੇ ਪਹਿਲੇ ਭਾਗ ਵਿੱਚ ਸਭ ਤੋ ਵਧੀਆਂ ਕਾਰਗੁਜਾਰੀ ਵਾਲੀ ਗ੍ਰਾਮ ਪੰਚਾਇਤ, ਜਲ ਸਪਲਾਈ ਅਤੇ ਸੈਨੀਟੇਸ਼ਨ ਕਮੇਟੀ (ਜੀ.ਪੀ.ਡਬਲਿਊ.ਐਸ.ਸੀ) ਦੇ ਚੇਅਰਪਰਸਨ, ਪ੍ਰਧਾਨ ਅਤੇ ਵਿਭਾਗ ਦੇ ਵਿਸ਼ਾ ਮਾਹਿਰ ਵਲੋਂ ਜਲ ਸਪਲਾਈ ਸਕੀਮ ਦੀ ਸਫ਼ਲਤਾ ਬਾਰੇ ਆਪਣਾ ਤਜ਼ਰਬੇ ਸਾਂਝੇ ਕੀਤੇ ਜਾਂਦੇ ਹਨ।ਦੂਜੇ ਭਾਗ ਵਿੱਚ ਵਿਭਾਗ ਵੱਲੋ ਜਲ ਸਪਲਾਈ ਸਕੀਮ ਦੀ ਸਫਲਤਾ ਲਈ ਕੀਤੇ ਉੱਦਮਾਂ ਦਾ ਫਿਲਮਾਂਕਨ ਕਰਕੇ ਇੱਕ ਲਘੂ ਫਿਲਮ ਬਣਾਈ ਜਾਂਦੀ ਹੈ। ਇਸ ਦਸਤਾਵੇਜੀ ਫਿਲਮ ਵਿਚ ਵਧੀਆ ਕਾਰਗੁਜਾਰੀ ਵਿਖਾ ਰਹੇ ਕਰਮਚਾਰੀਆਂ, ਜੀ.ਪੀ.ਡਬਲਿਊ.ਐਸ.ਸੀ ਦੀਆਂ ਸਿਰਕੱਢ ਸਖਸ਼ੀਅਤਾਂ ਅਤੇ ਪਿੰਡ ਨੂੰ ਹੋਏ ਲਾਭ ਪ੍ਰਤੀ ਆਮ ਲੋਕਾਂ ਅਤੇ ਲਾਭਪਾਤਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਵਿਚਾਰ ਵਿਖਾਏ/ਸੁਣਾਏ ਜਾਂਦੇ ਹਨ। ਪੰਜਾਬ ਸਰਕਾਰ ਦੇ
ਹਰ ਘਰ ਪਾਣੀ ਹਰ ਘਰ ਸਫਾਈ ਮਿਸ਼ਨ` ਦਾ ਮੁੱਖ ਟੀਚਾ ਮਾਰਚ 2022 ਤੱਕ ਹਰ ਪੇਂਡੂ ਪਰਿਵਾਰ, ਸਕੂਲ, ਆਂਗਣਵਾੜੀ ਕੇਂਦਰ, ਸਿਹਤ ਕੇਂਦਰ, ਅਤੇ ਸਮੁਦਾਇਕ ਇਮਾਰਤਾਂ ਨੂੰ ਟੂਟੀ ਦੇ ਕੁਨੈਕਸ਼ਨ ਦੁਆਰਾ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣਾ ਹੈ। ਜਲ ਜੀਵਨ ਮਿਸ਼ਨ ਤਹਿਤ ਪਿੰਡਾਂ ਵਿੱਚ ਜਲ ਸਪਲਾਈ ਦੇ ਬੁਨਿਆਦੀ ਢਾਂਚੇ ਦੇ ਵਿਕਾਸ, ਪੀਣ ਵਾਲੇ ਪਾਣੀ ਦੇ ਭਰੋਸੇਯੋਗ ਸਰੋਤਾਂ ਨੂੰ ਸੁਨਿਸ਼ਚਿਤ ਕਰਨਾ, ਪਾਈਪਾਂ ਰਾਹੀਂ ਪਾਣੀ ਦੇ ਵਿਤਰਣ ਵਿਚ ਵਾਧਾ ਅਤੇ ਰਸੋਈ ਤੇ ਬਾਥਰੂਮ ਦੇ ਗੰਧਲੇ ਪਾਣੀ ਦੇ ਪ੍ਰਬੰਧਨ ਸਬੰਧੀ ਕੰਮ ਗ੍ਰਾਮ ਪੰਚਾਇਤ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਕਮੇਟੀਆਂ ਦੀ ਸ਼ਮੂਲੀਅਤ ਨਾਲ ਕਰਵਾਏ ਜਾਂਦੇ ਹਨ।