ਪੰਜਾਬ ਵਿੱਚ 2378 ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਜ਼ਰੀਏ ਮੁੱਢਲੀਆਂ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ : ਸਿਹਤ ਮੰਤਰੀ
ਚੰਡੀਗੜ – ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੀ ਗਈ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਵਿੱਚ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਨਵੇਂ ਭਰਤੀ ਕੀਤੇ 771 ਕਮਿਉਨਿਟੀ ਹੈਲਥ ਅਫ਼ਸਰਾਂ (ਸੀਐਚਓਜ਼) ਨੂੰ ਨਿਯੁਕਤੀ ਪੱਤਰ ਸੌਂਪੇ।ਇਸ ਮੌਕੇ ਜਾਣਕਾਰੀ ਦਿੰਦਿਆਂ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਦਿਹਾਤੀ ਪੱਧਰ ’ਤੇ ਪਹਿਲਾਂ 1607 ਤੰਦਰੁਸਤ ਪੰਜਾਬ ਸਿਹਤ ਕੇਂਦਰ ਚਲਾਏ ਗਏ ਸਨ ਜਿਨਾਂ ਦੀ ਗਿਣਤੀ ਹੁਣ ਵਧ ਕੇ 2378 ਹੋ ਜਾਵੇਗੀ। ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਭਰ ਵਿੱਚ ਸਿਹਤ ਤੇ ਤੰਦਰੁਸਤੀ ਕੇਂਦਰ/ਸਬ-ਸੈਂਟਰ ਸਥਾਪਤ ਕਰਨ ਸਬੰਧੀ 142% ਦੇ ਟੀਚੇ ਨੂੰ ਪ੍ਰਾਪਤ ਕਰ ਲਿਆ ਹੈ।ਸਿਹਤ ਵਿਭਾਗ ਵਿੱਚ ਨਵੇਂ ਭਰਤੀ ਹੋਏ ਸਟਾਫ ਨੂੰ ਜੀ ਆਇਆਂ ਆਖਦਿਆਂ ਸ. ਸਿੱਧੂ ਨੇ ਸਟਾਫ਼ ਨੂੰ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣ ਲਈ ਕਿਹਾ। ਉਨਾਂ ਕਿਹਾ ਕਿ ਕਮਿਉਨਟੀ ਹੈਲਥ ਅਫ਼ਸਰ ਦਿਹਾਤੀ ਖੇਤਰਾਂ ਦੇ ਲੋਕਾਂ ਨੂੰ ਮੁੱਢਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਹਨ ਅਤੇ ਇਨਾਂ ਵੱਲੋਂ ਲਾਕਡਾਊਨ ਦੌਰਾਨ ਸ਼ਾਨਦਾਰ ਸੇਵਾਵਾਂ ਦਿੱਤੀਆਂ ਸਨ।ਸਿਹਤ ਮੰਤਰੀ ਨੇ ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਵਿਖੇ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਨਾਂ ਕੇਂਦਰਾਂ ਵਿਖੇ 27 ਜ਼ਰੂਰੀ ਦਵਾਈਆਂ ਅਤੇ 6 ਡਾਇਗਨੋਸਟਿਕ ਟੈਸਟ/ਸੇਵਾਵਾਂ ਉਪਲੱਬਧ ਹਨ। ਹੁਣ ਸਿਹਤ ਤੇ ਤੰਦਰੁਸਤੀ ਕੇਂਦਰ ਸੂਬੇ ਦੇ ਦੂਰ-ਦੁਰਾਡੇ ਖੇਤਰਾਂ ਵਿੱਚ ਵੀ ਚਲ ਰਹੇ ਹਨ ਅਤੇ ਇਸ ਪ੍ਰੋਗਰਾਮ ਤਹਿਤ ਅਜਿਹੇ ਖੇਤਰਾਂ ਵਿੱਚ ਰਹਿੰਦੇ ਪਰਿਵਾਰਾਂ ਨੂੰ ਪਹਿਲਾਂ ਹੀ ਮੁੱਢਲੀਆਂ ਅਤੇ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਦਾ ਵਿਸ਼ੇਸ਼ ਧਿਆਨ ਲੋਕਾਂ ਦੀ ਹਾਈਪਰਟੈਨਸ਼ਨ, ਸ਼ੂਗਰ, ਅਸਥਮਾ ਜਿਹੀਆਂ ਬਿਮਾਰੀਆਂ ਲਈ ਜਾਂਚ ਕਰਨਾ ਅਤੇ ਇੱਥੇ ਮੁਫ਼ਤ ਦਵਾਈਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਉਨਾਂ ਕਿਹਾ ਕਿ ਜਦੋਂ ਕਮਿਉਨਟੀ ਹੈਲਥ ਅਫ਼ਸਰ ਦੁਆਰਾ ਮਰੀਜ਼ ਦਾ ਇਲਾਜ ਕੀਤਾ ਜਾਂਦਾ ਹੈ ਤਾਂ ਇਸ ਨਾਲ ਮਰੀਜ਼ਾਂ ਨੂੰ ਸਥਾਈ ਰਾਹਤ ਮਿਲਦੀ ਹੈ ਅਤੇ ਦੂਜੇ ਦਰਜੇ ਦੀਆਂ ਸਿਹਤ ਸੇਵਾਵਾਂ ’ਤੇ ਬੋਝ ਵੀ ਘਟਦਾ ਹੈ।ਇਸ ਮੌਕੇ ਸਿਹਤ ਦੇ ਪ੍ਰਮੁੱਖ ਸਕੱਤਰ ਸ੍ਰੀ ਹੁਸਨ ਲਾਲ ਨੇ ਨਵੇਂ ਕਮਿਊਨਿਟੀ ਸਿਹਤ ਅਧਿਕਾਰੀਆਂ ਦਾ ਸਿਹਤ ਵਿਭਾਗ ਵਿੱਚ ਸਵਾਗਤ ਕੀਤਾ। ਉਨਾਂ ਅੱਗੇ ਕਿਹਾ ਕਿ ਪੰਜਾਬ ਨੇ ਕੋਵਿਡ -19 ਮਹਾਂਮਾਰੀ ਦਾ ਪ੍ਰਬੰਧਨ ਬਹੁਤ ਵਧੀਆ ਢੰਗ ਨਾਲ ਕੀਤਾ ਅਤੇ ਇਹ ਸਿਰਫ਼ ਸਾਡੇ ਸਿਹਤ ਅਤੇ ਮੋਹਰਲੀ ਕਤਾਰ ਵਿੱਚ ਡਟੇ ਕਰਮਚਾਰੀਆਂ ਦੀਆਂ ਨਿਰਸਵਾਰਥ ਸੇਵਾਵਾਂ ਕਰਕੇ ਹੀ ਸੰਭਵ ਹੋਇਆ ਹੈ।ਇਸ ਮੌਕੇ ਸਿਹਤ ਵਿਭਾਗ ਦੇ ਵਿਸ਼ੇਸ਼ ਸਕੱਤਰ ਸ੍ਰੀ ਅਮਿਤ ਕੁਮਾਰ, ਸਿਹਤ ਅਤੇ ਪਰਿਵਾਰ ਭਲਾਈ ਦੇ ਡਾਇਰੈਕਟਰ ਡਾ. ਜੀ.ਬੀ. ਸਿੰਘ, ਸਿਹਤ ਮੰਤਰੀ ਦੇ ਓ.ਐੱਸ.ਡੀ. ਡਾ. ਬਲਵਿੰਦਰ ਸਿੰਘ, ਸਿਹਤ ਮੰਤਰੀ ਦੇ ਸਿਆਸੀ ਸਲਾਹਕਾਰ ਸ੍ਰੀ ਹਰਕੇਸ਼ ਸ਼ਰਮਾ, ਰਾਸ਼ਟਰੀ ਸਿਹਤ ਮਿਸ਼ਨ ਦੇ ਡਾਇਰੈਕਟਰ ਡਾ. ਅਰੀਤ ਕੌਰ ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।