ਭਾਰਤ ਦਾ ਰਵੀਚੰਦਰਨ ਅਸ਼ਵਿਨ ਕੌਮਾਂਤਰੀ ਕ੍ਰਿਕਟ ਕੌਂਸਲ ਦੀ ਤਾਜ਼ਾ ਰੈਕਿੰਗ ਵਿਚ ਆਲਰਾਊਂਡਰਾਂ ਦੀ ਸੂਚੀ ਵਿਚ ਪੰਜਵੇਂ ਸਥਾਨ ’ਤੇ ਪਹੁੰਚ ਗਿਆ ਹੈ ਜਦੋਂਕਿ ਕਪਤਾਨ ਵਿਰਾਟ ਕੋਹਲੀ ਬੱਲੇਬਾਜ਼ਾਂ ਵਿਚ ਪੰਜਵੇਂ ਸਥਾਨ ’ਤੇ ਬਰਕਰਾਰ ਹੈ। ਅਸ਼ਵਿਨ ਨੇ ਚੇਨੱਈ ਵਿਚ ਇੰਗਲੈਂਡ ਖ਼ਿਲਾਫ਼ ਦੂਜੇ ਟੈਸਟ ਦੀ ਦੂਜੀ ਪਾਰੀ ਵਿਚ 106 ਦੌੜਾਂ ਬਣਾਈਆਂ ਤੇ ਅੱਠ ਵਿਕਟਾਂ ਲਈਆਂ ਸਨ। ਭਾਰਤ ਨੇ ਇਹ ਮੈਚ 317 ਦੌੜਾਂ ਨਾਲ ਜਿੱਤਿਆ ਸੀ। ਆਲਰਾਊਂਡਰਾਂ ਵਿਚ ਉਸ ਦੇ 336 ਅੰਕ ਹਨ। ਗੇਂਦਬਾਜ਼ਾਂ ਦੀ ਸੂਚੀ ਵਿਚ 34 ਸਾਲਾ ਅਸ਼ਵਿਨ 804 ਅੰਕਾਂ ਨਾਲ ਸੱਤਵੇਂ ਸਥਾਨ ’ਤੇ ਹੈ। ਜਸਪ੍ਰੀਤ ਦੇ 761 ਅੰਕ ਹਨ ’ਤੇ ਉਹ ਅੱਠਵੇਂ ਸਥਾਨ ’ਤੇ ਹੈ। ਉਹ ਚੇਨੱਈ ਟੈਸਟ ਸੀਰੀਜ਼ ਨਹੀਂ ਖੇਡਿਆ ਸੀ। ਆਸਟਰੇਲੀਆ ਦਾ ਪੈਟ ਕਮਿੰਸ 908 ਅੰਕਾਂ ਨਾਲ ਇਸ ਸੂਚੀ ਵਿਚ ਸਭ ਤੋਂ ਅੱਗੇ ਹੈ।