ਵਾਸ਼ਿੰਗਟਨ – ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਭਾਵੇਂ ਦੂਜੀ ਵਾਰ ਮਹਾਦੋਸ਼ ਤੋਂ ਬਰੀ ਹੋ ਗਏ ਹਨ ਪਰ ਉਨ੍ਹਾਂ ਨੂੰ ਕੈਪੀਟਲ ਇਮਾਰਤ(ਸੰਸਦ ਭਵਨ) ’ਤੇ ਹਮਲੇ ਦੇ ਮਾਮਲੇ ਵਿੱਚ ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨ ਪੈ ਸਕਦਾ ਹੈ। ਟਰੰਪ ਹੁਣ ਇਕ ਆਮ ਨਾਗਰਿਕ ਹਨ। ਇਸ ਲਈ ਉਨ੍ਹਾਂ ਕੋਲ ਕਾਨੂੰਨੀ ਸੁਰੱਖਿਆ ਨਹੀਂ ਹੈ ਜੋ ਰਾਸ਼ਟਰਪਤੀ ਦੌਰਾਨ ਉਨ੍ਹਾਂ ਨੂੰ ਮਿਲੀ ਸੀ। ਇਸ ਤੋਂ ਟਰੰਪ ਦੇ ਪੱਖ ਵਿੱਚ ਵੋਟਾਂ ਪਾਉਣ ਵਾਲੇ ਰਿਪਬਲਿਕ ਪਾਰਟੀ ਦੇ ਸੈਨੇਟਰ ਵੀ ਵਾਕਫ਼ ਹਨ। ਕੈਪੀਟਲ ਹਿੰਸਾ ਮਾਮਲੇ ਵਿੱਚ ਟਰੰਪ ਨੂੰ ਆਉਣ ਵਾਲੇ ਮਹੀਨਿਆਂ ਵਿੱਚ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰ ਦੰਗਾ ਭੜਕਾਉਣ ਦੇ ਮਾਮਲੇ ਵਿੱਚ ਟਰੰਪ ਨੂੰ ਦੋਸ਼ੀ ਠਹਿਰਾਏ ਜਾਣ ਦੇ ਆਸਾਰ ਨਹੀਂ ਹਨ।ਹੁਣ ਦੋਵੇਂ ਪਾਰਟੀਆਂ ਕੈਪੀਟਲ ਹਿੰਸਾ ਮਾਮਲੇ ਦੀ ਜਾਂਚ ਉਸੇ ਤਰ੍ਹਾਂ ਆਜ਼ਾਦ ਕਮਿਸ਼ਨ ਤੋਂ ਕਰਾਉਣ ਦੇ ਸਮਰਥਨ ਵਿੱਚ ਆ ਗਈਆਂ ਹਨ, ਜਿਸ ਤਰ੍ਹਾਂ 11 ਸਤੰਬਰ ਨੂੰ ਹੋਏ ਹਮਲੇ ਦੀ ਜਾਂਚ ਕੀਤੀ ਗਈ ਸੀ। ਦੰਗਾ ਮਾਮਲੇ ਦੀ ਜਾਂਚ ਕਰਾਉਣ ਦੀ ਯੋਜਨਾ ਬਣਾਈ ਗਈ ਹੈ, ਇਸ ਸਬੰਧ ਵਿੱਚ ਸੈਨੇਟ ਦੀ ‘ਸੈਨੇਟ ਰੂਲਜ਼ ਕਮੇਟੀ’ ਵਿੱਚ ਇਸੇ ਮਹੀਨੇ ਦੀ ਅਖੀਰ ਵਿੱਚ ਸੁਣਵਾਈ ਹੋਣੀ ਹੈ।