ਚੰਡੀਗੜ੍ਹ – ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਵੱਲੋਂ ਵੱਡੇ ਪੱਧਰ ਤੇ ਕੀਤੀ ਜਾ ਰਹੀ ਸੰਪਰਦਾਇਕ ਸਿਆਸਤ ਵਿਚਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਦੇ ਇੱਕੋਮਾਤਰ ਆਗੂ ਹਨ, ਜਿਨ੍ਹਾਂ ਤੇ ਹਰ ਪੰਜਾਬੀ ਭਰੋਸਾ ਕਰਦਾ ਹੈ।ਪੱਤਰਕਾਰਾਂ ਨਾਲ ਇਕ ਗੈਰ ਰਸਮੀ ਗੱਲਬਾਤ ਦੌਰਾਨ ਮਹਿੰਦਰਾ ਨੇ ਕਿਹਾ ਕਿ ਮੌਜੂਦਾ ਹਾਲਾਤਾਂ ਚ ਜੇਕਰ ਅੱਜ ਕੋਈ ਪੰਜਾਬ ਦੀ ਅਗਵਾਈ ਕਰ ਸਕਦਾ ਹੈ, ਤਾਂ ਉਹ ਸਿਰਫ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਨ। ਮੰਤਰੀ ਨੇ ਕਿਹਾ ਕਿ ਉਹ ਉਨ੍ਹਾਂ ਬੀਤੇ 50 ਸਾਲਾਂ ਤੋਂ ਜਾਣਦੇ ਹਨ ਅਤੇ ਉਹ ਪੂਰੇ ਭਰੋਸੇ ਤੇ 100 ਪ੍ਰਤੀਸ਼ਤ ਗਾਰੰਟੀ ਨਾਲ ਕਹਿ ਸਕਦੇ ਹਨ ਕਿ ਉਨ੍ਹਾਂ ਦੀ ਕ੍ਰਿਸ਼ਮਾਈ ਅਗਵਾਈ ਦੇ ਸਾਹਮਣੇ ਪੰਜਾਬ ਚ ਅਜਿਹਾ ਕੋਈ ਆਗੂ ਨਹੀਂ ਹੈ, ਜਿਹੜਾ ਧਰਮ ਨਿਰਪੱਖ ਅਤੇ ਰਾਸ਼ਟਰਵਾਦੀ ਵਿਚਾਰਧਾਰਾ ਰੱਖਦਾ ਹੋਵੇ। ਮੌਜੂਦਾ ਹਾਲਾਤਾਂ ਚ ਉਨ੍ਹਾਂ ਤੋਂ ਬਿਹਤਰ ਸੂਬੇ ਨੂੰ ਕੋਈ ਹੋਰ ਨਹੀਂ ਸੰਭਾਲ ਸਕਦਾ।ਸੀਨੀਅਰ ਕਾਂਗਰਸੀ ਆਗੂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਹੀ ਸਨ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਕੇਂਦਰੀ ਖੇਤੀ ਕਾਨੂੰਨਾਂ ਦੀਆਂ ਖਾਮੀਆਂ ਨੂੰ ਗਿਣਾਇਆ। ਉਨ੍ਹਾਂ ਕਿਹਾ ਕਿ ਜੇਕਰ ਅੱਜ ਕਿਸਾਨਾਂ ਦੀ ਸਮੱਸਿਆ ਕੌਮੀ ਅਤੇ ਕੌਮਾਂਤਰੀ ਪੱਧਰ ਤੇ ਮੁੱਦਾ ਬਣੀ ਹੈ, ਤਾਂ ਉਸ ਲਈ ਇਹੋ ਕਾਰਨ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚ ਕਾਨੂੰਨ ਲਿਆ ਕੇ ਸਮੱਸਿਆ ਦਾ ਹੱਲ ਕੱਢਣ ਦੀ ਦਿਸ਼ਾ ਵਿਚ ਕਦਮ ਚੁੱਕਿਆ, ਹਾਲਾਂਕਿ ਮੰਦਭਾਗਾ ਰਿਹਾ ਕਿ ਪੰਜਾਬ ਦੇ ਰਾਜਪਾਲ ਵੱਲੋਂ ਉਸ ਨੂੰ ਰਾਸ਼ਟਰਪਤੀ ਕੋਲ ਨਹੀਂ ਭੇਜਿਆ ਗਿਆ।ਮਹਿੰਦਰਾ ਨੇ ਅਕਾਲੀਆਂ ਤੇ ਭਾਜਪਾਈਆਂ ਤੇ ਵਰ੍ਹਦਿਆਂ ਕਿਹਾ ਕਿ ਭਾਵੇਂ ਇਹ ਦੋਵੇਂ ਪਾਰਟੀਆਂ ਵੱਖ-ਵੱਖ ਹੋ ਚੁੱਕੀਆਂ ਹਨ, ਲੇਕਿਨ ਏਜੰਡਾ ਹਾਲੇ ਵੀ ਇਕ ਸਮਾਨ ਹੈ ਕਿ ਲੋਕਾਂ ਨੂੰ ਸੰਪਰਦਾਇਕ ਆਧਾਰ ਤੇ ਵੰਡਿਆ ਜਾਵੇ। ਉਨ੍ਹਾਂ ਨੇ ਚਿਤਾਵਨੀ ਦਿੰਦਿਆਂ ਹੋਇਆਂ ਕਿਹਾ ਕਿ ਅਕਾਲੀ ਅਤੇ ਭਾਜਪਾ ਗ਼ਲਤ ਅਤੇ ਖ਼ਤਰਨਾਕ ਖੇਡ ਖੇਡ ਰਹੇ ਹਨ, ਜਿਨ੍ਹਾਂ ਦਾ ਜਵਾਬ ਨਿਸ਼ਚਿਤ ਤੌਰ ਤੇ ਪੰਜਾਬੀਆਂ ਵੱਲੋਂ ਦਿੱਤਾ ਜਾਵੇਗਾ।ਜਦਕਿ “ਆਪ” ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਇਸਨੇ ਫਿਰ ਤੋਂ ਉਨ੍ਹਾਂ ਅਨਸਰਾਂ ਨਾਲ ਸੰਬੰਧ ਬਣਾਉਣੇ ਸ਼ੁਰੂ ਕਰ ਦਿੱਤੇ ਹਨ, ਜੋ ਇਸਨੇ ਬੀਤੀਆਂ ਵਿਧਾਨਸਭਾ ਚੋਣਾਂ ਚ ਕੀਤਾ ਸੀ। ਜਿਸਨੂੰ ਲੈ ਕੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਦਾ ਹਾਸਾ ਉਡਾਉਂਦੇ ਹੋਏ ਕਿਹਾ ਕਿ ਇਸ ਤੋਂ ਸਾਫ ਤੌਰ ਤੇ ਇਨ੍ਹਾਂ ਦੀ ਪੰਜਾਬ ਅਤੇ ਇਸਦੀ ਸਿਆਸਤ ਪ੍ਰਤੀ ਅਗਿਆਨਤਾ ਅਤੇ ਤਜਰਬੇ ਦੀ ਘਾਟ ਪ੍ਰਤੀਤ ਹੁੰਦੀ ਹੈ, ਜਿਹੜੀ ਇਨ੍ਹਾਂ ਵਿਧਾਨ ਸਭਾ ਚੋਣਾਂ ਚ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇਗੀ।