ਕੈਲੀਫੋਰਨੀਆ – ਰਾਸ਼ਟਰਪਤੀ ਜੋਅ ਬਾਈਡੇਨ ਦੁਆਰਾ ਦੇਸ਼ ਵਿੱਚ ਕੈਰੋਨਾ ਟੀਕਾਕਰਨ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇਹਨਾਂ ਯਤਨਾਂ ਵਿੱਚੋਂ ਇੱਕ ਦੇਸ਼ ਭਰ ਵਿੱਚ ਕੋਰੋਨਾ ਟੀਕਾਕਰਨ ਕੇਂਦਰ ਖੋਲ੍ਹਣੇ ਹਨ, ਤਾਂ ਕਿ ਜ਼ਿਆਦਾ ਲੋਕਾਂ ਨੂੰ ਵਾਇਰਸ ਦਾ ਟੀਕਾ ਲਗਾਇਆ ਜਾ ਸਕੇ। ਇਸ ਮੁਹਿੰਮ ਤਹਿਤ ਰਾਜਾਂ ਵਿੱਚ ਕਈ ਵੱਡੇ ਟੀਕਾਕਰਨ ਕੇਂਦਰ ਖੋਲ੍ਹੇ ਗਏ ਹਨ। ਇਸੇ ਹੀ ਲੜੀ ਤਹਿਤ ਕੈਲੀਫੋਰਨੀਆ ਸੂਬੇ ਨੂੰ ਇੱਕ ਹੋਰ ਵੱਡਾ ਵੈਕਸੀਨ ਕੇਂਦਰ ਮਿਲਣ ਜਾ ਰਿਹਾ ਹੈ। ਇਸ ਸੰਬੰਧੀ ਕੈਲੀਫੋਰਨੀਆ ਦੇ ਅਸੈਂਬਲੀ ਮੈਂਬਰ ਜੋਆਕੁਇਨ ਅਰਾਮਬੁਲਾ ਦੇ ਇੱਕ ਬੁਲਾਰੇ ਨੇ ਸੋਮਵਾਰ ਨੂੰ ਪੁਸ਼ਟੀ ਕਰਦਿਆਂ ਦੱਸਿਆ ਕਿ ਸੂਬੇ ਦੀ ਕਾਉਂਟੀ ਫਰਿਜ਼ਨੋ ਨੂੰ ਓਕਲੈਂਡ ਅਤੇ ਸੈਨ ਡਿਏਗੋ ਵਿਚਲੇ ਟੀਕਾਕਰਨ ਕੇਂਦਰਾਂ ਦੇ ਨਾਲ ਮਿਲਦੀ ਜੁਲਦੀ ਰਾਜ ਦੀ ਜਨਤਕ ਕੋਵਿਡ -19 ਟੀਕਾਕਰਨ ਸਾਈਟ ਮਿਲੇਗੀ। ਇਸ ਨਵੇਂ ਕੇਂਦਰ ਲਈ ਸਹੀ ਜਗ੍ਹਾ ਦੀ ਪੁਸ਼ਟੀ ਅਜੇ ਨਹੀਂ ਹੋ ਸਕੀ, ਪਰ ਡੈਮੋਕਰੇਟ ਅਰੇਮਬੁਲਾ ਲਈ ਕੰਮ ਕਰਨ ਵਾਲੇ ਫੈਲੀਸੀਆ ਮੈਟਲੋਜ਼ ਅਨੁਸਾਰ ਇਸ ਕੇੰਦਰ ਲਈ ਫਰਿਜ਼ਨੋ ਇੱਕ ਢੁੱਕਵਾਂ ਸਥਾਨ ਹੋਵੇਗਾ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਉਸਮ ਨੇ ਵੀ ਸੋਮਵਾਰ ਨੂੰ ਘੋਸ਼ਣਾ ਕਰਦਿਆਂ ਦੱਸਿਆ ਕਿ ਇੱਕ ਵਿਸ਼ਾਲ ਟੀਕਾਕਰਨ ਕੇੰਦਰ ਸੈਂਟਰਲ ਵੈਲੀ ਵਿੱਚ ਖੋਲ੍ਹਿਆ ਜਾਵੇਗਾ। ਨਿਊਸਮ ਨੇ ਜਾਣਕਾਰੀ ਦਿੱਤੀ ਕਿ ਰਾਜ ਨੇ ਕੋਵਿਡ -19 ਸ਼ਾਟ ਲੈਣ ਦੇ ਚਾਹਵਾਨ ਲੋਕਾਂ ਦੀ ਗਿਣਤੀ ਵਧਾਉਣ ਲਈ ਰਾਜ ਭਰ ਵਿੱਚ 110 ਕਮਿਊਨਿਟੀ ਸੰਗਠਨਾਂ ਨਾਲ ਭਾਈਵਾਲੀ ਕੀਤੀ ਹੈ ਅਤੇ ਗਵਰਨਰ ਅਨੁਸਾਰ ਸੈਂਟਰਲ ਵੈਲੀ ਵਿੱਚ ਅਗਲੇ ਕੁੱਝ ਦਿਨਾਂ ਦੌਰਾਨ ਇੱਕ ਨਵੀਂ ਵੈਕਸੀਨ ਸਾਈਟ ਦੀ ਘੋਸ਼ਣਾ ਕੀਤੀ ਜਾਵੇਗੀ।ਫਰਿਜ਼ਨੋ ਸਿਟੀ ਕਾਉਂਸਲ ਮੈਂਬਰ ਮਿਗੁਅਲ ਅਰਿਆਸ ਦੇ ਅਨੁਸਾਰ ਸ਼ਹਿਰ ਦੇ ਸੇਵ ਮਾਰਟ ਸੈਂਟਰ ਨੂੰ ਵੈਕਸੀਨ ਕੇੰਦਰ ਲਈ ਵਰਤਿਆ ਜਾ ਸਕਦਾ ਹੈ, ਇਸ ਲਈ ਸੇਵ ਮਾਰਟ ਸੈਂਟਰ ਨੂੰ ਨਵੇਂ ਕੇੰਦਰ ਦੀ ਜਗ੍ਹਾ ਲਈ ਪੇਸ਼ਕਸ਼ ਕੀਤੀ ਗਈ ਹੈ। ਜਦਕਿ ਵਾਇਰਸ ਸੰਬੰਧੀ ਅੰਕੜਿਆਂ ਅਨੁਸਾਰ ਫਰਿਜ਼ਨੋ ਕਾਉੰਟੀ ਨੇ ਸੋਮਵਾਰ ਨੂੰ ਕੋਵਿਡ -19 ਦੇ 671 ਨਵੇਂ ਕੇਸ ਦਰਜ਼ ਕੀਤੇ ਹਨ ,ਜਿਸ ਨਾਲ ਕਾਉਂਟੀ ਵਿੱਚ ਮਾਰਚ ਤੋਂ ਬਾਅਦ ਕੁੱਲ ਮਾਮਲੇ ਤਕਰੀਬਨ 91,184 ਹੋ ਗਏ ਹਨ।