ਨਵੀਂ ਦਿੱਲੀ – ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਨਵੀਂ ਨੀਤੀ ਤਹਿਤ ਨਵਾਂ ਵਾਹਨ ਦੀ ਖਰੀਦ ਕਰਦੇ ਸਮੇਂ ਜਿਹੜੇ ਲੋਕ ਆਪਣੇ ਪੁਰਾਣੇ ਅਤੇ ਪ੍ਰਦੂਸ਼ਿਤ ਵਾਹਨਾਂ ਨੂੰ ‘ਸਕ੍ਰੈਪ’ ਕਰਾਰ ਦੇਣਗੇ, ਉਨ੍ਹਾਂ ਨੂੰ ਕਈ ਲਾਭ ਦਿੱਤੇ ਜਾਣਗੇ। ਇਸ ਨੀਤੀ ਨੂੰ ਬਹੁਤ ਉਤਸ਼ਾਹਜਨਕ ਦੱਸਦਿਆਂ ਗਡਕਰੀ ਨੇ ਕਿਹਾ ਕਿ ਇਸ ਨਾਲ ਆਉਣ ਵਾਲੇ ਸਾਲਾਂ ਵਿੱਚ ਭਾਰਤੀ ਵਾਹਨ ਉਦਯੋਗ ਦਾ ਕਾਰੋਬਾਰ 30 ਪ੍ਰਤੀਸ਼ਤ ਵਧ ਕੇ 10 ਲੱਖ ਕਰੋੜ ਰੁਪਏ ਹੋ ਜਾਵੇਗਾ। ਨੀਤੀ ਅਨੁਸਾਰ ਨਿੱਜੀ ਵਾਹਨਾਂ ਦਾ 20 ਸਾਲ ਤੇ ਕਮਰਸ਼ੀਅਲ ਵਾਹਨਾਂ ਦਾ 15 ਸਾਲ ਬਾਅਦ ਫਿਟਨੈੱਸ ਟੈਸਟ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਇਸ ਨੀਤੀ ਦਾ ਵੇਰਵਾ ਜਾਰੀ ਕਰਨਗੇ। ਉਨ੍ਹਾਂ ਕਿਹਾ ਕਿ ਜੇ ਕੋਈ ਸਕ੍ਰੈਪ ਨੀਤੀ ’ਤੇ ਅਮਲ ਨਹੀਂ ਕਰਦਾ ਤਾਂ ਉਸ ’ਤੇ ਹੋਰ ਟੈਕਸ ਲਗਾਏ ਜਾਣਗੇ।