ਕੈਲੀਫੋਰਨੀਆ – ਅਮਰੀਕਾ ਦੀ ਵਾਹਨ ਨਿਰਮਾਤਾ ਕੰਪਨੀ ਜਨਰਲ ਮੋਟਰਜ਼(ਜੀ ਐਮ) ਦੀ ਸੀ ਈ ਓ ਮੈਰੀ ਬੈਰਾ ਨੇ ਵੀਰਵਾਰ ਨੂੰ ਐਲਾਨ ਕਰਦਿਆਂ ਜਾਣਕਾਰੀ ਦਿੱਤੀ ਕਿ ਕੰਪਨੀ ਨੇ ਅਗਲੇ 14 ਸਾਲਾਂ ਵਿੱਚ ਗੈਸੋਲੀਨ ਜਾਂ ਡੀਜ਼ਲ ‘ਤੇ ਚੱਲਣ ਵਾਲੇ ਵਾਹਨ ਬੰਦ ਕਰਕੇ 2035 ਤੱਕ ਇਲੈਕਟ੍ਰਿਕ ਵਾਹਨਾਂ ਨੂੰ ਬਹੁਗਿਣਤੀ ਵਿੱਚ ਨਿਰਮਾਣ ਕਰਨ ਦਾ ਟੀਚਾ ਨਿਰਧਾਰਤ ਕੀਤਾ ਹੈ। ਇਸ ਸੰਬੰਧੀ ਜੀ ਐਮ ਨੇ ਪਹਿਲਾਂ ਹੀ ਐਲਾਨ ਕੀਤਾ ਹੈ ਕਿ ਉਹ ਅਗਲੇ ਪੰਜ ਸਾਲਾਂ ਵਿੱਚ ਇਲੈਕਟ੍ਰਿਕ ਅਤੇ ਸੈਲਫ ਡਰਾਈਵ ਵਾਹਨਾਂ ਵਿੱਚ 27 ਬਿਲੀਅਨ ਡਾਲਰ ਦਾ ਨਿਵੇਸ਼ ਕਰੇਗੀ।ਇਸਦੇ ਇਲਾਵਾ ਕੰਪਨੀ ਇਸ ਦਹਾਕੇ ਦੇ ਅੱਧ ਤੱਕ ਵਿਸ਼ਵ ਭਰ ਵਿੱਚ 30 ਇਲੈਕਟ੍ਰਿਕ ਮਾਡਲਾਂ ਦੀ ਪੇਸ਼ਕਸ਼ ਕਰੇਗੀ ਅਤੇ 2025 ਦੇ ਅੰਤ ਤੱਕ, ਇਸ ਦੇ ਯੂ ਐਸ ਵਿਚਲੇ 40% ਮਾਡਲ ਬੈਟਰੀ ਨਾਲ ਚੱਲਣ ਵਾਲੇ ਇਲੈਕਟ੍ਰਿਕ ਵਾਹਨ ਹੋਣਗੇ। ਕੰਪਨੀ ਨੇ ਆਪਣੀ ਇਲੈਕਟ੍ਰਿਕ ਵਾਹਨ ਯੋਜਨਾ ਵਿੱਚ ਕ੍ਰਾਸਓਵਰ, ਐਸ ਯੂ ਵੀ, ਸੇਡਾਨ ਅਤੇ ਲਾਈਟ ਟਰੱਕ ਸ਼ਾਮਿਲ ਕਰਨ ਦੀ ਯੋਜਨਾ ਬਣਾਈ ਹੈ ਜਦਕਿ ਇਸ ਵਿੱਚ ਹੈਵੀ ਡਿਊਟੀ ਵਾਲੇ ਵਾਹਨ ਜਿਵੇਂ ਕਿ ਵਪਾਰਕ ਟਰੱਕ ਆਦਿ ਸ਼ਾਮਿਲ ਨਹੀਂ ਹਨ।ਇਸਦੇ ਇਲਾਵਾ ਕੰਪਨੀ ਦਾ ਨਿਸ਼ਾਨਾ 14 ਸਾਲਾਂ ਦੇ ਅੰਦਰ ਵੱਖ ਵੱਖ ਕੀਮਤਾਂ ਦੀ ਰੇਂਜ ਵਿੱਚ ਜ਼ੀਰੋ-ਨਿਕਾਸੀ ਵਾਹਨਾਂ ਦੀ ਪੇਸ਼ਕਸ਼ ਕਰਨ ‘ਤੇ ਆਪਣਾ ਧਿਆਨ ਕੇਂਦ੍ਰਿਤ ਕਰਨਾ ਹੈ। ਤਕਰੀਬਨ 112 ਸਾਲ ਪੁਰਾਣੀ ਆਟੋ ਕੰਪਨੀ ਨੇ ਆਪਣੀ ਨਵੀਂ ਯੋਜਨਾ ਨੂੰ ਦਰਸਾਉਣ ਲਈ ਇਸ ਮਹੀਨੇ ਇਕ ਨਵੇਂ ਕਾਰਪੋਰੇਟ ਲੋਗੋ ਨੂੰ ਵੀ ਪੇਸ਼ ਕੀਤਾ ਹੈ।ਇਸਦੇ ਨਾਲ ਹੀ ਕੰਪਨੀ ਨੇ ਇਲੈਕਟ੍ਰਿਕ, ਸਵੈ-ਡ੍ਰਾਇਵਿੰਗ ਕਾਰਾਂ ਦੇ ਰੋਲਆਉਟ ਨੂੰ ਤੇਜ਼ ਕਰਨ ਦੀ ਉਮੀਦ ਨਾਲ ਇਸ ਮਹੀਨੇ ਮਾਈਕਰੋਸਾਫਟ ਨਾਲ ਇੱਕ ਨਵੀਂ ਭਾਈਵਾਲੀ ਦੀ ਵੀ ਘੋਸ਼ਣਾ ਕੀਤੀ ਹੈ।