ਕੇਂਦਰ ਨੇ ਸ਼ੁਰੂਆਤ ਵਿੱਚ ਪੰਜਾਬ ਨੂੰ ਕਮੇਟੀ ਤੋਂ ਬਾਹਰ ਰੱਖਿਆ ਕਿਉਕਿ ਉਨਾਂ ਨੂੰ ਪਤਾ ਸੀ ਕਿ ਇੱਥੋਂ ਆਵਾਜ਼ ਉਠੇਗੀ
ਪਟਿਆਲਾ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਗਣਤੰਤਰ ਦਿਵਸ ਦੇ ਜਸ਼ਨਾਂ ਦੌਰਾਨ ਅੱਜ ਉਨਾਂ ਦਾ ਦਿਲ ਕਿਸਾਨਾਂ ਦੇ ਨਾਲ ਹੈ। ਇਸੇ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਖੇਤੀ ਸੁਧਾਰਾਂ ਬਾਰੇ ਕਾਇਮ ਕੀਤੀ ਉਚ ਤਾਕਤੀ ਕਮੇਟੀ ਵਿੱਚ ਪੰਜਾਬ ਨੂੰ ਜਾਣਬੁੱਝ ਕੇ ਬਾਹਰ ਰੱਖਿਆ ਕਿਉਕਿ ਕੇਂਦਰ ਇਸ ਗੱਲ ਨੂੰ ਚੰਗੀ ਤਰਾਂ ਜਾਣਦਾ ਸੀ ਕਿ ਸੂਬੇ ਤੋਂ ਰੋਹ ਭਰੀਆਂ ਆਵਾਜ਼ਾਂ ਉਠਣਗੀਆਂ। ਇਸ ਦੇ ਨਾਲ ਹੀ ਉਨਾਂ ਐਲਾਨ ਕੀਤਾ ਕਿ ਇਹ ਆਵਾਜ਼ਾਂ ਉਦੋਂ ਤੱਕ ਬੁਲੰਦ ਹੁੰਦੀਆਂ ਰਹਿਣਗੀਆਂ, ਜਦੋਂ ਤੱਕ ਕਿਸਾਨਾਂ ਦੇ ਹਿੱਤ ਸੁਰੱਖਿਅਤ ਨਹੀਂ ਹੋ ਜਾਂਦੇ।ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਤਾਂ ਕਮੇਟੀ ਵਿੱਚ ਉਨਾਂ ਵੱਲੋਂ ਕੇਂਦਰ ਨੂੰ ਇਸ ਮੁੱਦੇ ਬਾਰੇ ਪੱਤਰ ਲਿਖਣ ਤੋਂ ਬਾਅਦ ਹੀ ਸ਼ਾਮਲ ਕੀਤਾ ਗਿਆ ਸੀ। ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਕਾਲੇ ਖੇਤੀ ਕਾਨੂੰਨਾਂ ਬਾਰੇ ਉਨਾਂ ਅਤੇ ਉਨਾਂ ਦੀ ਸਰਕਾਰ ਨਾਲ ਕਦੇ ਵੀ ਸਲਾਹ-ਮਸ਼ਵਰਾ ਨਹੀਂ ਕੀਤਾ ਗਿਆ।ਪ੍ਰਧਾਨ ਮੰਤਰੀ ਨੂੰ ਅੰਦੋਲਨਕਾਰੀ ਕਿਸਾਨਾਂ, ਜੋ ਪਿਛਲੇ ਦੋ ਮਹੀਨਿਆਂ ਤੋਾਂ ਦਿੱਲੀ ਦੀਆਂ ਸਰਹੱਦਾਂ ਉੁਪਰ ਬੈਠੇ ਹਨ, ਦੀਆਂ ਮੰਗਾਂ ਮੰਨਣ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਖੇਤੀ ਕਾਨੂੰਨ ਪੂਰੀ ਤਰਾਂ ਗਲਤ ਹਨ ਕਿਉਂਕਿ ਭਾਰਤੀ ਸੰਵਿਧਾਨ ਦੀ ਸੂਚੀ 7 ਅਧੀਨ ਖੇਤੀਬਾੜੀ ਸੂਬਾਈ ਵਿਸ਼ਾ ਹੋਣ ਕਰਕੇ ਕੇਂਦਰ ਵੱਲੋਂ ਇਹ ਕਾਨੂੰਨ ਬਣਾਉਣ ਹੀ ਸੰਘੀ ਢਾਂਚੇ ਦੀ ਵਿਰੁੱਧ ਹੈ। ਇੱਥੇ ਰਾਜਾ ਭਲਿੰਦਰਾ ਸਿੰਘ ਸਪੋਰਟਸ ਕੰਪਲੈਕਸ ਵਿਖੇ ਕੌਮੀ ਝੰਡਾ ਲਹਿਰਾਉਣ ਮੌਕੇ ਮੁੱਖ ਮੰਤਰੀ ਨੇ ਬਾਬਾ ਸਾਹਿਬ ਡਾ. ਬੀ.ਆਰ. ਅੰਬੇਦਕਰ ਦੇ ਯੋਗਦਾਨ ਨੂੰ ਚੇਤੇ ਕੀਤਾ ਜਿਨਾਂ ਨੇ ਸਾਡਾ ਸੰਵਿਧਾਨ ਬਣਾਇਆ ਜੋ ਅੱਜ ਤੱਕ ਮੁਲਕ ਦੇ ਲੋਕਰਾਜੀ ਪ੍ਰਬੰਧ ਦਾ ਮੂਲ ਸਿਧਾਂਤ ਹੈ।ਕਿਸਾਨਾਂ ਦੇ ਅੰਦੋਲਨ ਦੌਰਾਨ ਅੱਜ ਕੱਢੇ ਜਾ ਰਹੇ ਟਰੈਕਟਰ ਮਾਰਚ ਦੇ ਸ਼ਾਂਤਮਈ ਰਹਿਣ ਦੀ ਉਮੀਦ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ, ‘‘ਬਜ਼ੁਰਗ ਕਿਸਾਨ ਕੌਮੀ ਰਾਜਧਾਨੀ ਦੀਆਂ ਸਰਹੱਦਾਂ ’ਤੇ ਆਪਣੇ ਲਈ ਨਹੀਂ ਬੈਠੇ ਸਗੋਂ ਆਪਣੇ ਬੱਚਿਆਂ ਅਤੇ ਆਉਣ ਵਾਲੀਆਂ ਪੀੜੀਆਂ ਦਾ ਭਵਿੱਖ ਸੁਰੱਖਿਅਤ ਬਣਾਉਣ ਲਈ ਬੈਠੇ ਹਨ।’’ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਕਿਸਾਨਾਂ ਨਾਲ ਮੋਢੇ ਨਾਲ ਮੋਢੇ ਜੋੜ ਕੇ ਖੜੀ ਹੈ। ਉਨਾਂ ਕਿਹਾ, ‘‘ਸ਼ਾਂਤੀ ਬਣਾਈ ਰੱਖੋ, ਪੂਰਾ ਮੁਲਕ ਤੁਹਾਡੇ ਨਾਲ ਹੈ।’’ ਉਨਾਂ ਦੱਸਿਆ ਕਿ ਯੂ.ਕੇ. ਦੇ 122 ਸੰਸਦ ਮੈਂਬਰਾਂ ਨੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਉਠਾਈ ਅਤੇ ਹੋਰ ਮੁਲਕਾਂ ਨੇ ਵੀ ਅੰਦੋਲਨ ਦੀ ਹਮਾਇਤ ਕੀਤੀ ਕਿਉਂਕਿ ਇਸ ਸੰਘਰਸ਼ ਦੌਰਾਨ ਕਿਸਾਨਾਂ ਨੇ ਅਮਨ ਕਾਇਮ ਰੱਖਿਆ।ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਨਾਲ ਕਿਹਾ ਕਿ ਉਨਾਂ ਨੇ ਇਹ ਕਦੇ ਵੀ ਨਹੀਂ ਸੀ ਸੋਚਿਆ ਕਿ ਇਹ ਦਿਨ ਵੀ ਦੇਖਣੇ ਪੈਣਗੇ ਕਿ ਪੰਜਾਬ ਦੇ ਕਿਸਾਨਾਂ ਨੂੰ ਇਸ ਹੱਦ ਤੱਕ ਅਣਗੌਲਿਆ ਕਰ ਦਿੱਤਾ ਜਾਵੇਗਾ ਜਿਨਾਂ ਨੇ ਹਰੀ ਕ੍ਰਾਂਤੀ ਰਾਹੀਂ ਮੁਲਕ ਨੂੰ ਅਨਾਜ ਪੱਖੋਂ ਸਵੈ-ਨਿਰਭਰ ਬਣਾਇਆ ਅਤੇ ਇਹ ਯਕੀਨੀ ਬਣਾਇਆ ਕਿ ਭਾਰਤ ਨੂੰ ਅਮਰੀਕਾ ਦੀ ਪੀ.ਐਲ. 480 ਤਹਿਤ ਰੋਟੀ ਲਈ ਹੱਥ ਅੱਡਣ ਦੀ ਨੌਬਤ ਨਾ ਆਵੇ। ਮੁੱਖ ਮੰਤਰੀ ਨੇ ਕਿਹਾ ਕਿ ਇਕ ਸਮੇਂ ਤਾਂ ਪੰਜਾਬ ਦੇ ਕਿਸਾਨਾਂ ਦਾ ਮੁਲਕ ਦੇ ਅੰਨ ਭੰਡਾਰ ਵਿੱਚ 50 ਫੀਸਦੀ ਯੋਗਦਾਨ ਰਿਹਾ ਹੈ ਅਤੇ ਇੱਥੋਂ ਤੱਕ ਕਿ ਹੁਣ ਵੀ 40 ਫੀਸਦੀ ਯੋਗਦਾਨ ਹੈ। ਉਨਾਂ ਕਿਹਾ, ‘‘ਸਾਡੇ ਮੁਲਕ ਲਈ ਕਿਸਾਨਾਂ ਵੱਲੋਂ ਪਾਏ ਯੋਗਦਾਨ ਨੂੰ ਅਸੀਂ ਕਦੇ ਵੀ ਭੁੱਲ ਨਹੀਂ ਸਕਦੇ।ਮੁੱਖ ਮੰਤਰੀ ਨੇ ਕਿਹਾ ਕਿ ਹੁਣ ਗੰਗਾ, ਨਰਮਦਾ ਅਤੇ ਕਾਵੇਰੀ ਨਾਲ ਲੱਗਦੀਆਂ ਜ਼ਮੀਨਾਂ ਵਿੱਚ ਪੈਦਾਵਾਰ ਸ਼ੁਰੂ ਹੋਣ ਨਾਲ ਪੰਜਾਬ ਨੂੰ ਨੁੱਕਰੇ ਲਾ ਦਿੱਤਾ ਗਿਆ। ਉਨਾਂ ਕਿਹਾ,‘‘ਪਰਮਾਤਮਾ ਕਰੇ ਅਜਿਹਾ ਨਾ ਹੋਵੇ ਪਰ ਇਕ ਦਿਨ ਅਜਿਹਾ ਆਵੇਗਾ ਜਦੋਂ ਮੁਲਕ ਨੂੰ ਮੁੜ ਪੰਜਾਬ ਦੀ ਲੋੜ ਪਏਗੀ।’’ ਉਨਾਂ ਕਿਹਾ ਕਿ ਕਾਂਗਰਸ ਨੇ ਘੱਟੋ-ਘੱਟ ਸਮਰਥਨ ਮੁੱਲ ਮੁਹੱਈਆ ਕਰਵਾਉਣ ਤੋਂ ਲੈ ਕੇ ਇਕ ਵਾਰ ਵੀ ਅਜਿਹਾ ਨਹੀਂ ਕੀਤਾ ਜਿਸ ਤੋਂ ਇਹ ਸੰਕੇਤ ਮਿਲਦਾ ਹੋਵੇ ਕਿ ਇਸ ਨੂੰ ਵਾਪਸ ਲੈ ਲਿਆ ਜਾਵੇਗਾ ਜਾਂ ਐਫ.ਸੀ.ਆਈ. ਨੂੰ ਖਤਮ ਕਰ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਜਨਤਕ ਵੰਡ ਪ੍ਰਣਾਲੀ ਸਰਕਾਰੀ ਖਰੀਦ ’ਤੇ ਨਿਰਭਰ ਹੈ ਜਿਸ ਕਰਕੇ ਜੇਕਰ ਇਹ ਕਾਨੂੰਨ ਮਨਸੂਖ਼ ਨਾ ਹੋਏ ਤਾਂ ਗਰੀਬਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।ਭਾਰਤੀ ਸੈਨਾਵਾਂ ਵਿੱਚ ਪੰਜਾਬੀਆਂ ਦੀ 20 ਫੀਸਦੀ ਨਫਰੀ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਦੇਸ਼ ਦੀ ਸੁਰੱਖਿਆ ਲਈ ਮੂਹਰਲੀ ਕਤਾਰ ਵਿੱਚ ਖੜੇ ਪੰਜਾਬ ਦੇ ਜਵਾਨਾਂ ਦੇ ਪਰਿਵਾਰਾਂ ਦੀ ਪ੍ਰਵਾਹ ਨਾ ਕਰਨ ਲਈ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ। ਉਨਾਂ ਕਿਹਾ ਕਿ ਪੰਜਾਬੀ ਸੈਨਿਕ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਸਾਰੇ ਮੋਰਚਿਆਂ ’ਤੇ ਡਟੇ ਹੋਏ ਹਨ। ਉਨਾਂ ਕਿਹਾ ਕਿ ਚੀਨ ਤੇ ਪਾਕਿਸਤਾਨ ਵੱਲੋਂ ਮਿਲ ਜਾਣ ਕਾਰਨ ਕਈ ਪਾਸਿਆਂ ਤੋਂ ਪੈੈਦਾ ਹੋਏ ਖਤਰੇ ਦਾ ਸਾਹਮਣਾ ਕਰਨ ਲਈ ਦੇਸ਼ ਨੂੰ ਤਿਆਰ ਹੋਣ ਦੀ ਲੋੜ ਹੈ।
ਉਨਾਂ ਕਿਹਾ ਕਿ ਹਾਲਾਂਕਿ ਵੰਡ ਅਤੇ ਉਸ ਤੋਂ ਬਾਅਦ ਪੁਨਰ ਗਠਨ ਕਾਰਨ ਪੰਜਾਬ ਦਾ ਖੇਤਰਫਲ ਵੱਡੇ ਪੱਧਰ ’ਤੇ ਘਟਿਆ ਹੈ ਪਰ ਪੰਜਾਬ ਹਮੇਸ਼ਾ ਹੀ ਦੇਸ਼ ਲਈ ਖੜਿਆ ਹੈ ਅਤੇ ਆਉਣ ਵਾਲੇ ਭਵਿੱਖ ਵਿੱਚ ਵੀ ਇਸੇ ਤਰਾਂ ਖੜਾ ਰਹੇਗਾ।ਕੋਵਿਡ ਮਹਾਂਮਾਰੀ ਦੌਰਾਨ ਵੀ ਕਣਕ ਤੇ ਝੋਨੇ ਦੀ ਰਿਕਾਰਡ ਪੈਦਾਵਾਰ ਲਈ ਸੂਬੇ ਦੇ ਕਿਸਾਨਾਂ ਦੀਆਂ ਕੋਸ਼ਿਸ਼ਾਂ ਨੂੰ ਸਲਾਹੁਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਦੀ ਭਲਾਈ ਲਈ ਸੂਬਾ ਸਰਕਾਰ ਵੱਲੋਂ ਕਈ ਕਦਮ ਚੁੱਕੇ ਗਏ ਹਨ ਜਿਨਾਂ ਵਿੱਚ ਕਰਜ਼ਾ ਮੁਆਫੀ ਤੇ ਕੁਰਕੀ ਦਾ ਖਾਤਮਾ ਪ੍ਰਮੁੱਖ ਹੈ। ਉਨਾਂ ਕਿਹਾ ਕਿ 5.62 ਕਿਸਾਨਾਂ ਦਾ 4700 ਕਰੋੜ ਰੁਪਏ ਦਾ ਕਰਜ਼ਾ ਮੁਆਫ ਕੀਤਾ ਗਿਆ ਹੈ ਜਦੋਂ ਕਿ 2.82 ਲੱਖ ਬੇਜ਼ਮੀਨੇ ਖੇਤ ਮਜ਼ਦੂਰਾਂ ਨੂੰ ਇਸ ਸਾਲ ਰਾਹਤ ਦਿੱਤੀ ਜਾਵੇਗੀ।
ਮੁੱਖ ਮੰਤਰੀ ਨੇ ਕੋਵਿਡ ਮਹਾਂਮਾਰੀ ਦੌਰਾਨ ਸੂਬੇ ਦੀ ਲੜਾਈ ਵਿੱਚ ਯੋਗਦਾਨ ਪਾਉਣ ਵਾਲਿਆਂ ਖਾਸ ਕਰਕੇ ਹੈਲਥਕੇਅਰ ਅਤੇ ਫਰੰਟਲਾਈਨ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਵੱਲੋਂ ਨਿਭਾਏ ਵੱਡਮੁੱਲੇ ਯੋਗਦਾਨ ਸਦਕਾ ਸੂਬੇ ਦੇ ਲੋਕਾਂ ਨੂੰ ਲੌਕਡਾਊਨ ਦੌਰਾਨ ਵੀ ਅਸੁਵਿਧਾ ਨਹੀਂ ਹੋਈ। ਉਨਾਂ ਉਚੇਚੇ ਤੌਰ ’ਤੇ ਪੰਜਾਬ ਪੁਲਿਸ ਦਾ ਜ਼ਿਕਰ ਕੀਤਾ ਜਿਨਾਂ ਵੱਲੋਂ ਪਹਿਲੀ ਵਾਰ ਲੋੜਵੰਦਾਂ ਲਈ ਖਾਣੇ ਦਾ ਪ੍ਰਬੰਧ ਕੀਤਾ ਗਿਆ ਤਾਂ ਜੋ ਯਕੀਨੀ ਬਣਾਇਆ ਜਾਵੇ ਕਿ ਕੋਈ ਵੀ ਭੁੱਖਾ ਨਾ ਰਹੇ। ਉਨਾਂ ਡਾ.ਕੇ.ਕੇ.ਤਲਵਾੜ ਦੀ ਅਗਵਾਈ ਵਿੱਚ ਬਣੀ ਮਾਹਿਰਾਂ ਦੀ ਕਮੇਟੀ ਦੀ ਵੀ ਸ਼ਲਾਘਾ ਕੀਤੀ ਜਿਸ ਵਿੱਚ ਡਾ.ਰਾਜ ਬਹਾਦਰ ਤੇ ਡਾ. ਰਾਜੇਸ਼ ਸ਼ਾਮਲ ਸਨ। ਇਸ ਕਮੇਟੀ ਨੇ ਲੋਕਾਂ ਦੀ ਮੱਦਦ ਕਰਦਿਆਂ ਮਹਾਂਮਾਰੀ ਦੌਰਾਨ ਅਗਵਾਈ ਕੀਤੀ।
ਮੁੱਖ ਮੰਤਰੀ ਨੇ ਸੂਬੇ ਦੀ ਅਰਥਵਿਵਸਥਾ ਵਿੱਚ ਯੋਗਦਾਨ ਪਾਉਣ ਵਾਲੇ ਪਰਵਾਸੀ ਮਜ਼ਦੂਰਾਂ ਦੀ ਮੱਦਦ ਕਰਨ ਵਾਲਿਆਂ ਦਾ ਵੀ ਧੰਨਵਾਦ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਵੱਲੋਂ ਮਹਾਂਮਾਰੀ ਦੌਰਾਨ ਪਰਵਾਸੀ ਮਜ਼ਦੂਰਾ ਨੂੰ ਵਾਪਸ ਉਨਾਂ ਦੇ ਘਰ ਭੇਜਣ ਲਈ 500 ਰੇਲ ਗੱਡੀਆਂ ਦਾ ਪ੍ਰਬੰਧ ਕੀਤਾ। ਉਨਾ ਪੰਜਾਬ ਦੇ ਲੋਕਾਂ ਦਾ ਵੀ ਧੰਨਵਾਦ ਕੀਤਾ ਜਿਨਾਂ ਅਨੁਸ਼ਾਸਣ ਵਿੱਚ ਰਹਿ ਕੇ ਕੋਵਿਡ ਨੇਮਾਂ ਦੀ ਪਾਲਣਾ ਕੀਤੀ ਜਿਸ ਸਦਕਾ ਪੰਜਾਬ ਵਿੱਚ ਕੋਵਿਡ ਕੇਸਾਂ ਦੀ ਗਿਣਤੀ ਜੋ ਕਿਸੇ ਵੇਲੇ 3700 ਪ੍ਰਤੀ ਦਿਨ ਤੱਕ ਪੁੱਜ ਗਈ ਸੀ, 200 ਤੋਂ ਘੱਟ ਆਈ।
ਕੈਪਟਨ ਅਮਰਿੰਦਰ ਸਿੰਘ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਹਾਲੇ ਕਿਸੇ ਨੇ ਢਿੱਲ ਨਹੀਂ ਕਰਨੀ ਅਤੇ ਉਸੇ ਭਾਵਨਾ ਨਾਲ ਲੜਾਈ ਲੜਨੀ ਹੈ ਅਤੇ ਮਾਸਕ ਪਹਿਨਣ ਤੇ ਸਮਾਜਿਕ ਵਿੱਥ ਬਣਾਏ ਜਾਣ ਦੇ ਨਿਯਮਾਂ ਦੀ ਪਾਲਣਾ ਕਰਨੀ ਹੈ। ਉਨਾਂ ਕਿਹਾ, ‘‘ਅਸੀਂ ਪੰਜਾਬ ਨੂੰ ਦੇਸ਼ ਦਾ ਨੰਬਰ ਇਕ ਸੂਬਾ ਬਣਾਉਣਾ ਹੈ।’’ ਉਨਾਂ ਕਿਹਾ ਕਿ ਉਦਯੋਗਾਂ ਵਿੱਚ ਹੁਣ ਸਥਿਤੀ ਆਮ ਵਰਗੀ ਹੋ ਰਹੀ ਹੈ ਜਿੱਥੇ ਲੌਕਡਾਊਨ ਦੌਰਾਨ ਮੁਕੰਮਲ ਬੰਦ ਹੋ ਗਿਆ ਸੀ।
ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਜਲਿਆ ਵਾਲਾ ਬਾਗ ਦੇ ਦੁਖਾਂਤ ਦੇ ਸ਼ਹੀਦਾਂ ਸਣੇ ਆਜ਼ਾਦੀ ਸੰਘਰਸ਼ ਦੇ ਪਰਵਾਨਿਆਂ ਨੂੰ ਸਿਜਦਾ ਕੀਤਾ। ਉਨਾਂ ਮਹਾਨ ਗੁਰੂ ਸਾਹਿਬਾਨ ਨੂੰ ਵੀ ਚੇਤੇ ਕੀਤਾ ਜਿਨਾਂ ਦੇ ਪਾਵਨ ਪ੍ਰਕਾਸ਼ ਪੁਰਬ ਦਿਹਾੜੇ ਦੇ ਜਸ਼ਨ ਉਨਾਂ ਦੇ ਮੁੱਖ ਮੰਤਰੀ ਵਜੋਂ ਦੋਵੇਂ ਕਾਰਜਕਾਲਾਂ (ਪਹਿਲੇ ਤੇ ਹੁਣ) ਮੌਕੇ ਮਨਾਉਣ ਦਾ ਸੁਭਾਗ ਹਾਸਲ ਹੋਇਆ। ਉਨਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਪੁਰਬ ਵੱਡੇ ਪੱਧਰ ’ਤੇ ਧੂਮ-ਧਾਮ ਨਾਲ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਉਨਾਂ ਕਿਹਾ ਕਿ ਅੱਜ ਰਾਜਪਥ ’ਤੇ ਗਣਤੰਤਰ ਦਿਵਸ ਦੀ ਪਰੇਡ ਮੌਕੇ ਪੰਜਾਬ ਸਰਕਾਰ ਦੀ ਝਾਕੀ ਇਸ ਇਤਿਹਾਸਕ ਪੁਰਬ ਨੂੰ ਹੀ ਸਮਰਪਿਤ ਹੈ।