ਐਨਆਰਆਈ ਭਾਈਚਾਰੇ ਨੂੰ ਪੰਜਾਬ ਦੇ ਵਿਕਾਸ ਚ ਯੋਗਦਾਨ ਪਾਉਣ ਦੀ ਕੀਤੀ ਅਪੀਲ
ਚੰਡੀਗੜ੍ਹ – ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਨੇ ਕਿਹਾ ਹੈ ਕਿ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਪ੍ਰਦੇਸ਼ ਅੰਦਰ ਉਦਯੋਗਿਕ ਵਿਕਾਸ ਵਾਸਤੇ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ, ਜਿਸਦੀ ਬਦੌਲਤ ਸੂਬੇ ਅੰਦਰ ਜਿੱਥੇ ਨਵੀਂ ਇੰਡਸਟਰੀ ਆਈ ਹੈ। ਉਥੇ ਹੀ ਪੁਰਾਣੇ ਉਦਯੋਗ ਵੀ ਇਕ ਵਾਰ ਫਿਰ ਤੋਂ ਤਰੱਕੀ ਦੇ ਮਾਰਗ ਤੇ ਤੁਰ ਪਏ ਹਨ। ਇਹ ਸ਼ਬਦ ਦੀਵਾਨ ਨੇ ਉਦਯੋਗ ਭਵਨ ਸਥਿਤ ਬੋਰਡ ਦੇ ਦਫਤਰ ਚ ਯੂ.ਕੇ ਤੋਂ ਵਿਸੇਸ ਤੌਰ ਤੇ ਪਹੁੰਚੇ ਐਨਆਰਆਈ ਭਾਈਚਾਰੇ ਦੇ ਇਕ ਵਫਦ ਨਾਲ ਮੀਟਿੰਗ ਦੌਰਾਨ ਕਹੇ।ਦੀਵਾਨ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬਾ ਤਰੱਕੀ ਦੇ ਮਾਰਗ ਤੇ ਚੱਲ ਰਿਹਾ ਹੈ। ਇਸ ਦਿਸ਼ਾ ਚ, ਜਿਥੇ ਇਨਵੈਸਟ ਪੰਜਾਬ ਸਕੀਮ ਹੇਠ ਸੂਬੇ ਅੰਦਰ ਨਵੀਂ ਇੰਡਸਟਰੀ ਨੂੰ ਲਿਆਇਆ ਜਾ ਰਿਹਾ ਹੈ। ਉਥੇ ਹੀ, ਪੁਰਾਣੀ ਇੰਡਸਟਰੀ ਨੂੰ ਇਕ ਵਾਰ ਫਿਰ ਤੋਂ ਪੈਰਾਂ ਤੇ ਖੜ੍ਹਾ ਕੀਤਾ ਗਿਆ ਹੈ। ਦੀਵਾਨ ਨੇ ਕਿਹਾ ਕਿ ਉਦਯੋਗਿਕ ਵਿਕਾਸ ਤੇ ਬਗੈਰ ਸੂਬੇ ਦੀ ਤਰੱਕੀ ਬਾਰੇ ਨਹੀਂ ਸੋਚਿਆ ਜਾ ਸਕਦਾ, ਜਿਹੜੇ ਵੱਡੀ ਗਿਣਤੀ ਚ ਲੋਕਾਂ ਰੁਜਗਾਰ ਪ੍ਰਦਾਨ ਵੀ ਕਰਦੇ ਹਨ। ਦੀਵਾਨ ਨੇ ਉਦਯੋਗਾਂ ਨੂੰ ਰਾਹਤ ਪ੍ਰਦਾਨ ਕਰਨ ਵਾਸਤੇ ਸੂਬਾ ਸਰਕਾਰ ਵੱਲੋਂ ਲਿਆਈਆਂ ਗਈਆਂ ਵੱਖ-ਵੱਖ ਸਕੀਮਾਂ ਬਾਰੇ ਵੀ ਦੱਸਿਆ। ਦੀਵਾਨ ਨੇ ਐਨਆਰਆਈ ਭਾਈਚਾਰੇ ਨੂੰ ਪੰਜਾਬ ਦੇ ਵਿਕਾਸ ਚ ਯੋਗਦਾਨ ਪਾਉਣ ਵਾਸਤੇ ਇੱਥੇ ਨਿਵੇਸ਼ ਕਰਨ ਦੀ ਅਪੀਲ ਵੀ ਕੀਤੀ। ਖ਼ਾਸ ਤੌਰ ਤੇ ਐਨਆਰਆਈ ਭਾਈਚਾਰਾ ਸੂਬੇ ਦੇ ਸਿੱਖਿਆ ਅਤੇ ਸਿਹਤ ਖੇਤਰ ਚ ਆਪਣਾ ਯੋਗ ਦਾ ਅਹਿਮ ਯੋਗਦਾਨ ਪਾ ਸਕਦਾ ਹੈ।ਇੰਡੀਅਨ ਓਵਰਸੀਜ਼ ਕਾਂਗਰਸ ਬਰਮਿੰਘਮ, ਯੂ ਕੇ ਦੇ ਪ੍ਰਧਾਨ ਜਤਿੰਦਰ ਸਿੰਘ (ਜਿੰਦਾ ਸ਼ੇਰਗਿੱਲ) ਨੇ ਕਿਹਾ ਕਿ ਐੱਨਆਰਆਈ ਭਾਈਚਾਰਾ ਦੇਸ਼ ਤੋਂ ਮੀਲਾਂ ਦੂਰ ਰਹਿਣ ਦੇ ਬਾਵਜੂਦ ਇੱਥੋਂ ਦੀ ਮਿੱਟੀ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਐਨਆਰਆਈ ਭਾਈਚਾਰੇ ਵੱਲੋਂ ਸਮੇਂ-ਸਮੇਂ ਤੇ ਆਪਣੇ ਪਿੰਡਾਂ ਦੇ ਵਿਕਾਸ ਵਾਸਤੇ ਯੋਗਦਾਨ ਪਾਇਆ ਜਾਂਦਾ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਵਲੋਂ ਐੱਨਆਰਆਈ ਭਾਈਚਾਰੇ ਦੀ ਮਜਬੂਤੀ ਵਾਸਤੇ ਕੀਤੇ ਜਾ ਰਹੇ ਕੰਮਾਂ ਦੇ ਨਾਲ-ਨਾਲ ਵੱਖ-ਵੱਖ ਦੇਸ਼ਾਂ ਵਿੱਚ ਲਗਾਏ ਗਏ ਐੱਨਆਰਆਈ ਕੋਆਰਡੀਨੇਟਰ ਲਈ ਵੀ ਪ੍ਰਸ਼ੰਸਾ ਕੀਤੀ।ਇਸ ਮੌਕੇ ਹੋਰਨਾਂ ਤੋਂ ਇਲਾਵਾ, ਸੁਦੇਸ਼ ਰਾਣਾ, ਸੌਰਭ ਅਰੋੜਾ, ਹਿਤਰਾਜ ਭੂੰਬਲਾ, ਹਰਵਿੰਦਰ ਸਿੰਘ ਵੀ ਮੌਜੂਦ ਰਹੇ।