ਨਵੀਂ ਦਿੱਲੀ – ਵਿਕਾਸ ਲਈ ਮਾਨਵਵਾਦੀ ਪਹੁੰਚ ’ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਆਲਮੀ ਵਿਕਾਸ ਬਾਰੇ ਚਰਚਾ ਕੁਝ ਕੁ ਵਿਚਾਲੇ ਨਹੀਂ ਹੋ ਸਕਦੀ ਅਤੇ ਇਸ ਦੇ ਲਈ ‘ਮੇਜ਼ ਵੱਡਾ’ ਅਤੇ ਏਜੰਡਾ ਵਿਆਪਕ ਹੋਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਦੀਆਂ ਇਹ ਟਿੱਪਣੀਆਂ ਛੇਵੀਂ ਇੰਡੋ-ਜਪਾਨ ਸੰਵਾਦ ਕਾਨਫੰਰਸ ਮੌਕੇ ਇਸ ਕਰਕੇ ਅਹਿਮ ਹਨ ਕਿਉਂਕਿ ਇਹ ਉਸ ਵੇਲੇ ਆਈਆਂ ਹਨ ਜਦੋਂ ਭਾਰਤ ਵਲੋਂ ਸੰਯੁਕਤ ਰਾਸ਼ਟਰ ਅਤੇ ਹੋਰ ਆਲਮੀ ਮੰਚਾਂ ਤੋਂ ਬਹੁਲਵਾਦ ਲਈ ਜ਼ੋਰ ਪਾਇਆ ਜਾ ਰਿਹਾ ਹੈ। ਮੋਦੀ ਨੇ ਵੀਡੀਓ ਲਿੰਕ ਰਾਹੀਂ ਕਾਨਫੰਰਸ ਮੌਕੇ ਦਿੱਤੇ ਸੁਨੇਹੇ ਵਿੱਚ ਕਿਹਾ ਕਿ ਕੁੜੱਤਣਾਂ ਨਾਲ ਕਦੇ ਵੀ ਸ਼ਾਂਤੀ ਨਹੀਂ ਹੋ ਸਕਦੀ ਅਤੇ ਪਿਛਲੇ ਸਮੇਂ ਦੌਰਾਨ ਮਨੁੱਖਤਾ ਨੇ ਸਹਿਯੋਗ ਦੀ ਬਜਾਏ ਟਕਰਾਅ ਦਾ ਰਾਹ ਚੁਣਿਆ। ਮੋਦੀ ਨੇ ਕਿਹਾ, ‘‘ਸਾਮਰਾਜਵਾਦ ਤੋਂ ਵਿਸ਼ਵ ਜੰਗਾਂ ਤੱਕ। ਹਥਿਆਰਾਂ ਦੀ ਦੌੜ ਤੋਂ ਪੁਲਾੜ ਦੀ ਦੌੜ ਤੱਕ। ਸਾਡੇ ਵਿਚਾਲੇ ਗੱਲਬਾਤ ਹੁੰਦੀ ਰਹੀ ਪ੍ਰੰਤੂ ਉਸ ਦਾ ਮਕਸਦ ਇੱਕ-ਦੂਜੇ ਨੂੰ ਨੀਵਾਂ ਦਿਖਾਉਣਾ ਸੀ। ਚਲੋ ਹੁਣ ਮਿਲ ਕੇ ਤਰੱਕੀ ਕਰੀਏ।’’ ਮੋਦੀ ਨੇ ਕਿਹਾ ਕਿ ਮਹਾਤਮਾ ਬੁੱਧ ਦੀਆਂ ਸਿੱਖਿਆਵਾਂ ਦੁਸ਼ਮਣੀ ਨੂੰ ਸ਼ਕਤੀਕਰਨ ਵਿੱਚ ਤਬਦੀਲ ਕਰਨ ਦੀ ਸ਼ਕਤੀ ਦਿੰਦਿਆਂ ਹਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਸਾਨੂੰ ਦਰਿਆ-ਦਿਲ ਬਣਾਉਂਦੀਆਂ ਹਨ। ਮੋਦੀ ਨੇ ਨੀਤੀਆਂ ਦਾ ਆਧਾਰ ਮਾਨਵਵਾਦੀ ਰੱਖਣ ਦਾ ਸੱਦਾ ਦਿੱਤਾ। ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਰਵਾਇਤੀ ਬੁੱਧਵਾਦੀ ਸਾਹਿਤ ਨੂੰ ਸਮਰਪਿਤ ਲਾਇਬ੍ਰੇਰੀ ਸਥਾਪਤ ਕਰਨ ਦਾ ਪ੍ਰਸਤਾਵ ਵੀ ਦਿੱਤਾ।